ਨਵੀਂ ਦਿੱਲੀ: ਰਿਲਾਇੰਸ ਵੱਲੋਂ ਸ਼ੁਰੂ ਕੀਤੀ ਟੈਲੀਕਾਮ ਸੇਵਾ ਜੀਓ ਨੇ ਇੱਕ ਸਾਲ ਪੂਰਾ ਕਰ ਲਿਆ ਹੈ। ਇਸ ਇੱਕ ਸਾਲ ਵਿੱਚ ਜੀਓ ਨੇ ਦੇਸ਼ ਦੀ ਟੈਲੀਕਾਮ ਸਨਅਤ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਜੀਓ ਦੇ ਆਉਣ ਨਾਲ ਮੋਬਾਈਲ ਇੰਟਰਨੈੱਟ ਦੀਆਂ ਕੀਮਤਾਂ ਇੰਨੀਆਂ ਘੱਟ ਹੋ ਜਾਣਗੀਆਂ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਹੋਣਾ। ਜੀਓ ਦੇਸ਼ ਦਾ ਪਹਿਲਾ ਤੇ ਇਕੱਲਾ 4G VoLTE ਨੈੱਟਵਰਕ ਹੈ।


ਜੀਓ ਤੋਂ ਪਹਿਲਾਂ ਮੋਬਾਈਲ ਡੇਟਾ ਦਾ ਹਿਸਾਬ MB ਵਿੱਚ ਰੱਖਿਆ ਜਾਂਦਾ ਸੀ ਪਰ ਹੁਣ ਲੋਕਾਂ ਨੇ ਰੋਜ਼ਾਨਾ ਦਾ ਹਿਸਾਬ GB ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਨ ਮੋਬਾਈਲ ਇੰਟਰਨੈਟ ਡੇਟਾ ਦੇ ਮਾਮਲੇ ਵਿੱਚ ਭਾਰਤ 155ਵੇਂ ਪਾਏਦਾਨ ਤੋਂ ਉੱਠ ਕੇ ਬਿਲਕੁਲ ਸਿਖਰ 'ਤੇ ਪਹੁੰਚ ਗਿਆ ਹੈ।

ਪਹਿਲਾਂ ਭਾਰਤੀ ਤਕਰੀਬਨ 20 ਕਰੋੜ ਜੀ.ਬੀ. ਡੇਟਾ ਹਰ ਮਹੀਨੇ ਖਰਚਦੇ ਸਨ ਪਰ ਹੁਣ ਇਹ 150 ਕਰੋੜ ਜੀ.ਬੀ. ਹੋ ਗਿਆ ਹੈ, ਜਿਸ ਵਿੱਚੋਂ 125 ਕਰੋੜ ਡੇਟਾ ਸਿਰਫ਼ ਜੀਓ ਦਾ ਗਾਹਕਾਂ ਦਾ ਹੈ।

ਜੀਓ ਦੇ ਗਾਹਕਾਂ ਦੇ ਮੋਬਾਈਲ ਵਰਤਣ ਦੇ ਢੰਗ ਤਰੀਕਿਆਂ ਦੀ ਗੱਲ ਕਰੀਏ ਤਾਂ ਇਸ ਦੇ ਯੂਜ਼ਰਜ਼ ਹਰ ਮਹੀਨੇ 165 ਕਰੋੜ ਘੰਟੇ ਇੰਟਰਨੈੱਟ 'ਤੇ ਵੀਡੀਓਜ਼ ਦੀ ਵਰਤੋਂ ਕਰਦੇ ਹਨ। ਉੱਥੇ ਹੀ 250 ਕਰੋੜ ਮਿੰਟ ਰੋਜ਼ਾਨਾ ਵਾਇਸ ਕਾਲਜ਼ ਜੀਓ ਦੇ ਗਾਹਕ ਕਰਦੇ ਹਨ।

ਰਿਲਾਇੰਸ ਜੀਓ ਦਾ ਦਾਅਵਾ ਹੈ ਕਿ ਭਾਰਤ ਦੀ 75 ਫ਼ੀਸਦੀ ਆਬਾਦੀ ਉਨ੍ਹਾਂ ਦੀ 'ਰੇਂਜ' ਵਿੱਚ ਹੈ ਅਤੇ ਅਗਲੇ ਸਾਲ ਤੱਕ 99 ਫ਼ੀਸਦੀ ਲੋਕਾਂ ਤੱਕ ਪਹੁੰਚਣਾ ਉਨ੍ਹਾਂ ਦਾ ਟੀਚਾ ਹੈ। ਜੀਓ ਨੇ ਥੋੜ੍ਹੇ ਸਮੇਂ ਵਿੱਚ ਗਾਹਕ ਬਣਾਉਣ ਦਾ ਇੱਕ ਰਿਕਾਰਡ ਬਣਾਇਆ ਹੈ। ਸ਼ੁਰੂ ਹੋਣ ਦੇ 170 ਦਿਨਾਂ ਤਕ ਹਰ ਸੈਕੰਡ 7 ਲੋਕਾਂ ਨੂੰ ਆਪਣੇ ਗਾਹਕ ਬਣਾਇਆ ਹੈ। ਜੀਓ ਨੇ ਫੇਸਬੁੱਕ, ਵ੍ਹੱਟਸਐਪ ਤੇ ਸਕਾਈਪ ਰਾਹੀਂ ਵੀ ਗਾਹਕ ਜੋੜੇ ਹਨ।