ਨਵੀਂ ਦਿੱਲੀ: ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਵਟਸਐਪ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਅਫ਼ਵਾਹਾਂ ’ਤੇ ਲਗਾਮ ਕੱਸਣ ਲਈ ਠੋਸ ਇਤਜ਼ਾਮ ਕਰੇ। ਇਸ ਚੇਤਾਨਵੀ ਮਗਰੋਂ ਸੋਸ਼ਲ ਮੀਡੀਆ ’ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ Whatsapp ਨੇ ਇੱਕ ਅਜਿਹਾ ਫੀਚਰ ਲਾਂਚ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਜੋ ਕੁਝ ਵੀ ਵਟਸਐਪ ’ਤੇ ਭੇਜ ਜਾਂ ਰਿਸੀਵ ਕਰ ਰਹੇ ਹੋ, ਉਹ ਸਭ ਸਰਕਾਰ ਦੀ ਨਿਗਰਾਨੀ ਹੇਠ ਹੈ।

Whatsapp ਦੇ ਨਵੇਂ ਫੀਚਰ ਦੇ ਤੌਰ ’ਤੇ ਪੇਸ਼ ਕੀਤੇ ਇਸ ਮੈਸੇਜ ਵਿੱਚ ਸਿੰਗਲ ਟਿਕ ਦਾ ਮਤਲਬ ਦੱਸਿਆ ਗਿਆ ਹੈ ਕਿ ਮੈਸੇਜ ਭੇਜ ਦਿੱਤਾ ਗਿਆ ਹੈ। ਡਬਲ ਟਿਕ ਦਾ ਮਤਲਬ ਕਿ ਮੈਸੇਜ ਪਹੁੰਚ ਗਿਆ ਹੈ ਪਰ ਇਸ ਤੋਂ ਅੱਗੇ ਵਟਸਐਪ ਦੇ ਨਵੇਂ ਫੀਚਰ ਬਾਰੇ ਗੱਲ ਕੀਤੀ ਜਾ ਰਹੀ ਹੈ। ਯਾਨੀ ਦੋ ਬਲੂ ਟਿਕ ਨਾਲ ਇੱਕ ਸਿੰਗਲ ਟਿਕ ਦਾ ਮਤਲਬ ਦੱਸਿਆ ਗਿਆ ਹੈ ਕਿ ਮੈਜੇਸ ਜਿਸ ਨੂੰ ਭੇਜਿਆ ਗਿਆ ਹੈ, ਉਸ ਨੇ ਪੜ੍ਹ ਲਿਆ ਹੈ ਪਰ ਸਰਕਾਰ ਨੇ ਨਹੀਂ ਪੜ੍ਹਿਆ।

ਤਿੰਨ ਬਲੂ ਟਿਕ ਦਾ ਮਤਲਬ ਦੱਸਿਆ ਗਿਆ ਹੈ ਕਿ ਤੁਹਾਡੇ ਭੇਜੇ ਗਏ ਮੈਸੇਜ ਨੂੰ ਸਰਕਾਰ ਨੇ ਪੜ੍ਹ ਲਿਆ ਹੈ ਤੇ ਇਹ ਠੀਕ ਹੈ। ਅਖ਼ੀਰ ਦੋ ਬਲੂ ਟਿਕ ਨਾਲ ਇੱਕ ਲਾਲ ਟਿਕ ਦਾ ਮਤਲਬ ਦੱਸਿਆ ਗਿਆ ਹੈ ਕਿ ਤੁਹਾਡਾ ਮੈਸੇਜ ਸਰਕਾਰ ਨੇ ਪੜ੍ਹ ਲਿਆ ਹੈ ਪਰ ਉਹ ਠੀਕ ਨਹੀਂ, ਯਾਨੀ ਇਤਰਾਜ਼ਯੋਗ ਹੈ। ਇਸ ਲਈ ਜਲਦੀ ਹੀ ਪੁਲਿਸ ਤੁਹਾਨੂੰ ਗ੍ਰਿਫ਼ਤਾਰ ਕਰ ਸਕਦੀ ਹੈ।

ਇਵੇਂ ਦੇ ਹੀ ਇੱਕ ਹੋਰ ਵਾਇਰਲ ਮੈਸੇਜ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਫੇਸਬੁੱਕ, ਟਵਿੱਟਰ, ਫੋਨ ਕਾਲਾਂ ਤੇ ਵਟਸਐਪ ’ਤੇ ਹਰ ਚੀਜ਼ ਦੀ ਨਿਗਰਾਨੀ ਰੱਖ ਰਹੀ ਹੈ। ਇਸ ਮੈਸੇਜ ਰਾਹੀਂ ਅਪੀਲ ਕੀਤੀ ਜਾ ਰਹੀ ਹੈ ਕਿ ਸਿਆਸਤ, ਮੌਜੂਦਾ ਸਰਕਾਰ ਜਾਂ ਪ੍ਰਧਾਨ ਮੰਤਰੀ ਬਾਰੇ ਕੋਈ ਮੈਸੇਜ ਜਾਂ ਤਸਵੀਰ ਫਾਰਵਰਡ ਨਾ ਕੀਤੀ ਜਾਏ।

'ਏਬੀਪੀ ਨਿਊਜ਼' ਵੱਲੋਂ ਕੀਤੀ ਪੜਤਾਲ ਵਿੱਚ ਵਟਸਐਪ ਨੇ ਦੱਸਿਆ ਕਿ ਜਿਵੇਂ ਹੀ ਕੋਈ ਚੈਟ, ਫੋਟੋ, ਵੀਡੀਓ, ਵਾਇਰਲ ਮੈਸੇਜ ਜਾਂ ਫਾਈਲ ਯੂਜ਼ਰ ਵੱਲੋਂ ਭੇਜੀ ਥਾਂ ’ਤੇ ਪਹੁੰਚ ਜਾਂਦੀ ਹੈ, ਤਾਂ ਉਸ ਨੂੰ ਵਟਸਐਪ ਦੇ ਸਰਵਰ ਤੋਂ ਤੁਰੰਤ ਡਿਲੀਟ ਕਰ ਦਿੱਤਾ ਜਾਂਦਾ ਹੈ। ਵਟਸਐਪ ਯੂਜ਼ਰ ਦੇ ਮੈਸੇਜ ਉਨ੍ਹਾਂ ਦੀ ਆਪਣੀ ਡਿਵਾਈਸ ’ਤੇ ਹੀ ਸਟੋਰ ਹੁੰਦੇ ਹਨ।

ਜੇ ਇੱਕ ਮੈਸੇਜ ਤੁਰੰਤ ਡਿਲੀਵਰ ਨਹੀਂ ਹੁੰਦਾ ਤਾਂ ਵਟਸਐਪ ਉਸ ਨੂੰ 30 ਦਿਨਾਂ ਤਕ ਆਪਣੇ ਸਰਵਰ ’ਤੇ ਸਟੋਰ ਰੱਖਦਾ ਹੈ ਤੇ ਉਸ ਨੂੰ ਭੇਜਣ ਦੀ ਕੋਸ਼ਿਸ਼ ਕਰਦਾ ਹੈ। ਜੇ 30 ਦਿਨਾਂ ਅੰਦਰ ਵੀ ਉਹ ਮੈਸੇਜ ਡਿਲੀਵਰ ਨਹੀਂ ਹੁੰਦਾ, ਤਾਂ ਵੀ ਉਹ ਵਟਸਐਪ ਸਰਵਰ ਤੋਂ ਡਿਲੀਟ ਹੋ ਜਾਂਦਾ ਹੈ।

ਵਟਸਐਪ ਨੇ ਖ਼ੁਲਾਸਾ ਕੀਤਾ ਕਿ 2 ਅਪ੍ਰੈਲ, 2016 ਤੋਂ ਉਹ ਐਂਡ ਟੂ ਐਂਡ ਇਨਕ੍ਰਿਪਸ਼ਨ ਦੀ ਪ੍ਰਾਇਵੇਸੀ ਪਾਲਿਸੀ ’ਤੇ ਕੰਮ ਕਰ ਰਹੇ ਹਨ। ਯਾਨੀ ਮੈਸੇਜ ਸੈਂਡਰ ਤੇ ਰਿਸੀਵਰ ਦਰਮਿਆਨ ਹੀ ਰਹਿਣਗੇ। ਕੋਈ ਵੀ ਤੀਜੀ ਧਿਰ ਉਸ ਮੈਸੇਜ ਨੂੰ ਵੇਖ ਨਹੀਂ ਸਕਦੀ। ਵਟਸਐਪ ਨੇ ਵਾਇਰਲ ਮੈਸੇਜ ਨੂੰ ਸਾਫ ਸ਼ਬਦਾਂ ਵਿੱਚ ਖਾਰਜ ਕਰ ਦਿੱਤਾ ਹੈ।