ਚੰਡੀਗੜ੍ਹ: ਇੱਕ 69 ਸਾਲਾਂ ਦੀ ਬਜ਼ੁਰਗ ਮਹਿਲਾ ਨਾਲ 8 ਲੱਖ ਰੁਪਏ ਦੀ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦਰਅਸਲ ਇੱਕ ਵਿਅਕਤੀ ਨੇ ਪਹਿਲਾਂ ਇਸ ਮਹਿਲਾ ਨਾਲ ਫੇਸਬੁੱਕ ’ਤੇ ਦੋਸਤੀ ਕੀਤੀ ਤੇ ਫਿਰ ਉਸ ਨੂੰ 8 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਮੁਲਜ਼ਮ ਵਿਅਕਤੀ ਖ਼ਿਲਾਫ਼ ਆਈਟੀ ਐਕਟ ਤਹਿਤ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।


ਦਰਅਸਲ ਮੁਲਜ਼ਮ ਨੇ ਮਹਿਲਾ ਨਾਲ ਭਾਵਨਾਤਮਕ ਤਰੀਕੇ ਨਾਲ ਖੇਡ ਖੇਡੀ ਤੇ ਉਸ ਦਾ ਵਿਸ਼ਵਾਸ ਜਿੱਤ ਲਿਆ। ਉਹ ਕਈ ਵਾਰ ਮਹਿਲਾ ਦੇ ਘਰ ਆਉਂਦਾ ਸੀ ਤੇ ਉਸ ਨਾਲ ਰਾਤ ਦਾ ਖਾਣਾ ਵੀ ਖਾਂਦਾ ਸੀ। ਇੱਕ ਦਿਨ ਉਸ ਨੇ ਮਹਿਲਾ ਦੇ ਗਹਿਣੇ ਚੋਰੀ ਕਰ ਲਏ ਜਿਨ੍ਹਾਂ ਦੀ ਕੀਮਤ 8 ਲੱਖ ਰੁਪਏ ਸੀ।

ਮਹਿਲਾ ਦੇ 43 ਸਾਲਾ ਪੁੱਤਰ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਮੁਤਾਬਕ ਮੁਲਜ਼ਮ ਸਟਾਕ ਮਾਰਕਿਟ ਵਿੱਚ ਸੌਦੇਬਾਜ਼ੀ ਕਰਦਾ ਹੈ ਤੇ ਕਈ ਵਾਰ ਮੁੰਬਈ ਆਉਂਦਾ ਸੀ। 2018 ਵਿੱਚ ਮੁਲਜ਼ਮ ਨੇ ਮਹਿਲਾ ਨੂੰ ਫਰੈਂਡ ਰਿਕੁਐਸਟ ਭੇਜੀ ਸੀ ਤੇ ਇਸ ਤਰ੍ਹਾਂ ਦੋਵਾਂ ਦੀ ਦੋਸਤੀ ਹੋ ਗਈ।

ਇਸ ਪਿੱਛੋਂ ਗੱਲਬਾਤ ਹੋਣ ਮਗਰੋਂ ਦੋਵਾਂ ਦੀ ਦੋਸਤੀ ਹੋਰ ਮਜ਼ਬੂਤ ਹੋ ਗਈ ਤੇ ਮੁਲਜ਼ਮ ਨੇ ਮਹਿਲਾ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਮਹਿਲਾ ਨਾਲ ਚੈਟ ਦੌਰਾਨ ਉਹ ਅਕਸਰ ਕਹਿੰਦਾ ਸੀ ਕਿ ਉਸ ਦੇ ਘਰਦਿਆਂ ਨੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ ਹੈ ਇਸ ਲਈ ਉਹ ਬੇਸਹਾਰਾ ਹੈ। ਇਸੇ ਤਰ੍ਹਾਂ ਉਸ ਨੇ ਮਹਿਲਾ ਦਾ ਵਿਸ਼ਵਾਸ ਹਾਸਲ ਕਰ ਲਿਆ ਸੀ। ਹੁਣ ਚੋਰੀ ਦੀ ਵਾਰਦਾਤ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।