ਚੰਡੀਗੜ੍ਹ: ਸੂਚਨਾ ਤਕਨਾਲੋਜੀ ਸੁਰੱਖਿਆ ਨਾਲ ਜੁੜੀ ਕੰਪਨੀ ਸੋਫੋਜ ਲੈਬਜ਼ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਗੂਗਲ ਪਲੇਅ ਸਟੋਰ ’ਤੇ ਭਾਰਤੀ ਸਟੇਟ ਬੈਂਕ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ ਤੇ ਸਿਟੀ ਸਣੇ ਕਈ ਵੱਡੇ ਬੈਂਕਾਂ ਦੀਆਂ ਫ਼ਰਜ਼ੀ ਐਪਸ ਮੌਜੂਦ ਹਨ, ਜਿਨ੍ਹਾਂ ਜ਼ਰੀਏ ਇਨ੍ਹਾਂ ਬੈਂਕਾਂ ਨਾਲ ਸਬੰਧਤ ਹਜ਼ਾਰਾਂ ਗਾਹਕਾਂ ਦਾ ਡੇਟਾ ਚੋਰੀ ਹੋ ਚੁੱਕਿਆ ਹੋਏਗਾ ਤੇ ਅੱਗੇ ਵੀ ਇਸ ਦਾ ਖਦਸ਼ਾ ਬਣਿਆ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਫਰਜ਼ੀ ਐਂਡਰੌਇਡ ਐਪਸ ਵਿੱਚ ਬੈਂਕਾਂ ਦਾ ਅਸਲੀ ਲੋਗੋ ਲੱਗਾ ਹੋਇਆ ਹੈ ਜਿਸ ਕਰਕੇ ਗਾਹਕ ਅਸਲੀ ਜਾਂ ਨਕਲੀ ਐਪ ਵਿੱਚ ਫਰਕ ਨਹੀਂ ਕਰ ਪਾਉਂਦੇ। ਰਿਪੋਰਟ ਵਿੱਚ ਸ਼ਾਮਲ ਬੈਂਕਾਂ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਅਜਿਹੀਆਂ ਫਰਜ਼ੀ ਐਪਸ ਦੀ ਜਾਣਕਾਰੀ ਨਹੀਂ। ਸਿਟੀ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦਾ ਬੈਂਕ ਰਿਪੋਰਟ ਵਿੱਚ ਦੱਸੀਆਂ ਐਪ ਤੋਂ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਨਹੀਂ ਹੋਇਆ। ਬੈਂਕ ਨੇ ਸੋਫੋਜ ਨੂੰ ਲਿਖਤੀ ਤੌਰ ’ਤੇ ਸਖਤੀ ਨਾਲ ਕਿਹਾ ਹੈ ਕਿ ਰਿਪੋਰਟ ਵਿੱਚ ਉਨ੍ਹਾਂ ਦਾ ਨਾਂ ਹਟਾਇਆ ਜਾਏ। ਯੈਸ ਬੈਂਕ ਨੇ ਇਸ ਸਬੰਧੀ ਕਿਹਾ ਹੈ ਕਿ ਬੈਂਕ ਦੇ ਸਾਈਬਰ ਫਰਾਡ ਡਿਪਾਰਟਮੈਂਟ ਨੂੰ ਇਸ ਬਾਰੇ ਦੱਸਿਆ ਗਿਆ ਹੈ। ਸਟੇਟ ਬੈਂਕ ਆਫ ਇੰਡੀਆ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਰਿਪੋਰਟ ਦੇ ਅਨੁਸਾਰ, ਇਹ ਐਪ ਕੈਸ਼ ਬੈਕ, ਮੁਫ਼ਤ ਡੇਟਾ ਤੇ ਬਿਨ੍ਹਾ ਵਿਆਜ ਕਰਜ਼ੇ ਸਣੇ ਇਨਾਮਾਂ ਦਾ ਵਾਅਦਾ ਕਰਕੇ ਗਾਹਕਾਂ ਨੂੰ ਡਾਊਨਲੋਡ, ਇੰਸਟਾਲ ਤੇ ਇਸਦੇ ਇਸਤੇਮਾਲ ਲਈ ਕਹਿੰਦੇ ਹਨ।