ਨਵੀਂ ਦਿੱਲੀ: ਨਵੇਂ ਰੂਪ ਵਿੱਚ ਤਿਆਰ ਕੀਤੀ ਗਈ ਮਾਰੂਤੀ ਸੁਜ਼ੂਕੀ ਦੀ ਨਵੀਂ ਕੰਪੈਕਟ ਸਿਡਾਨ ਡਿਜ਼ਾਇਰ ਅਗਸਤ ਵਿੱਚ ਪਹਿਲੀ ਵਾਰ ਦੇਸ਼ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰਨ ਬਣ ਗਈ ਹੈ। ਉਸ ਨੇ ਮਾਰੂਤੀ ਦੀ ਹੀ ਅਲਟੋ ਨੂੰ ਪਛਾੜ ਦਿੱਤਾ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਗਸਤ ਵਿੱਚ 10 ਸਭ ਤੋਂ ਵੱਧ ਵਿਕਣ ਵਾਲੇ ਮੁਸਾਫਰ ਵਾਹਨਾਂ ਵਿੱਚੋਂ 7 ਮਾਰੂਤੀ ਸੁਜ਼ੂਕੀ ਇੰਡੀਆ ਦੇ ਹੀ ਹਨ। ਬਾਕੀ ਤਿੰਨ ਮਾਡਲ ਹੁੰਡਈ ਮੋਟਰ ਇੰਡੀਆ ਦੇ ਹਨ।


ਦੱਸ ਦਈਏ ਕਿ ਮਾਰੂਤੀ ਸੁਜ਼ੂਕੀ ਦੀ ਨਵੀਂ ਡਿਜ਼ਾਇਰ ਇਸ ਸਾਲ ਮਈ ਵਿੱਚ ਉਤਾਰੀ ਗਈ ਸੀ। ਅਗਸਤ ਵਿੱਚ ਇਸ ਦੀ 26,140 ਗੱਡੀਆਂ ਵਿਕੀਆਂ, ਜਦਕਿ ਇਸੇ ਦੌਰਾਨ ਆਲਟੋ ਦੀਆਂ 21,521 ਇਕਾਈਆਂ ਵਿਕੀਆਂ ਸਨ। ਭਾਰਤੀ ਬਾਜ਼ਾਰ ਵਿੱਚ ਪਿਛਲੇ ਇੱਕ ਦਹਾਕੇ ਤੋਂ ਆਲਟੋ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ ਹੈ। ਪਿਛਲੇ ਸਾਲ ਅਗਸਤ ਵਿੱਚ ਡਿਜ਼ਾਇਰ ਦੇ ਪੁਰਾਣੇ ਮਾਡਲ ਦੀ ਵਿਕਰੀ 15,766 ਯੁਨਿਟ ਰਹੀ ਸੀ ਤੇ ਆਲਟੋ ਦੀ 20,919 ਯੁਨਿਟ ਵਿਕੀਆਂ ਸਨ।

ਇਸ ਸਾਲ ਅਗਸਤ ਵਿੱਚ 10 ਸਭ ਤੋਂ ਜ਼ਿਆਦਾ ਵਿਕਣ ਵਾਲੇ ਮਾਡਲਾਂ ਵਿੱਚ ਮਾਰੂਤੀ ਦੀ ਪ੍ਰੀਮੀਅਮ ਹੈਚਬੈਕ ਬੋਲੈਨੋ 17,190 ਕਾਰਾਂ ਨਾਲ ਤੀਜੇ ਸਥਾਨ 'ਤੇ ਰਹੀ। ਪਿਛਲੇ ਸਾਲ ਇਸੇ ਮਹੀਨੇ ਇਸ ਕਾਰ ਦੀਆਂ 8,671 ਯੁਨਿਟ ਵੇਚੀਆਂ ਸਨ। ਚੌਥਾ ਸਥਾਨ ਕੌਂਪੈਕਟ ਐਸ.ਯੂ.ਵੀ. ਵਿਟਾਰਾ ਬ੍ਰੇਜ਼ਾ ਦਾ ਰਿਹਾ ਹੈ। ਇਸ ਦੀ ਵਿਕਰੀ 14,396 ਯੁਨਿਟ ਦੀ ਰਹੀ। ਪਿਛਲੇ ਸਾਲ ਅਗਸਤ ਵਿੱਚ ਇਹ ਅੱਠਵੇਂ ਸਥਾਨ 'ਤੇ ਸੀ। ਇਸ ਦੀ ਵਿਕਰੀ 9,554 ਯੁਨਿਟ ਰਹੀ ਸੀ। ਕੰਪਨੀ ਦੀ ਕੌਂਪੈਕਟ ਕਾਰ ਵੈਗਨ ਆਰ ਦੀਆਂ 13,907 ਯੁਨਿਟ ਦੀ ਵਿਕਰੀ ਦੇ ਨਾਲ ਪੰਜਵੇਂ ਸਥਾਨ 'ਤੇ ਰਹੀ। ਮਾਰੂਤੀ ਦੀ ਹੀ ਸਵਿਫਟ ਵਿਕਰੀ ਦੇ ਲਿਹਾਜ਼ ਨਾਲ ਛੇਵੇਂ ਸਥਾਨ 'ਤੇ ਰਹੀ। ਕੰਪਨੀ ਨੇ ਅਗਸਤ ਵਿੱਚ ਸਵਿਫਟ ਦੀ 12,631 ਗੱਡੀਆਂ ਵੇਚੀਆਂ ਸਨ।

ਮਾਰੂਤੀ ਦੇ ਮੁਕਾਬਲੇ ਵਿੱਚ ਹੈਟਬੈਕ ਗ੍ਰੈਂਡ ਆਈ10 ਸੱਤਵੇਂ ਸਥਾਨ 'ਤੇ ਰਹੀ। ਇਸ ਦੀ 12,306 ਯੁਨਿਟਾਂ ਦੀ ਵਿਕਰੀ ਹੋਈ। ਹੁੰਡਈ ਦੀ ਹੀ ਗ੍ਰੈਂਡ ਆਈ 20 ਇਸ ਸੂਚੀ ਵਿੱਚ 8ਵੇਂ ਪਾਏਦਾਨ 'ਤੇ ਰਹੀ ਹੈ। ਬੀਤੇ ਮਹੀਨੇ 11,832 ਆਈ 20 ਕਾਰਾਂ ਵਿਕੀਆਂ। ਅਗਲੀ ਥਾਂ ਵੀ ਕੰਪਨੀ ਦੀ ਲਘੂ ਐਸ.ਯੂ.ਵੀ. ਕ੍ਰੇਟਾ ਨੇ ਮੱਲੀ ਹੈ। ਅਗਸਤ ਵਿੱਚ 10,158 ਕ੍ਰੇਟਾ ਕਾਰਾਂ ਵਿਕੀਆਂ ਦਰਜ ਕੀਤੀਆਂ ਗਈਆਂ।

ਸਭ ਤੋਂ ਜ਼ਿਆਦਾ ਵਿਕਣ ਦੇ ਲਿਹਾਜ਼ ਨਾਲ ਮਾਰੂਤੀ ਸੁਜ਼ੂਕੀ ਦੀ ਸੇਲੇਰਿਓ 10 ਸਥਾਨ 'ਤੇ ਰਹੀ। ਮਾਰੂਤੀ ਨੇ ਅਗਸਤ ਵਿੱਚ 9,210 ਸੇਲੇਰਿਓ ਕਾਰਾਂ ਵੇਚੀਆਂ। ਦੱਸ ਦਈਏ ਕਿ ਬੀਤੇ ਸਾਲ ਅਗਸਤ ਵਿੱਚ ਵੀ ਇਹ ਕਾਰ ਸਭ ਤੋਂ ਵੱਧ ਵਿਕਣ ਵਾਲੀਆਂ 10 ਕਾਰਾਂ ਵਿੱਚ ਸ਼ਾਮਲ ਸੀ।