ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਦੀ ਨਵੀਂ ਕਾਰ ਜਿੰਮੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਕੁਝ ਸਮਾਂ ਪਹਿਲਾਂ ਇਸ ਦੇ ਪ੍ਰੋਡਕਸ਼ਨ ਮਾਡਲ ਦੀਆਂ ਤਸਵੀਰਾਂ ਹੀ ਸਾਹਮਣੇ ਆਈਆਂ ਸਨ। ਹੁਣ ਇਸ ਦੇ ਫ਼ੀਚਰ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਕਿਆਸ ਲਗਾਏ ਜਾ ਰਹੇ ਸਨ ਕਿ ਨਵੀਂ ਜਿੰਮੀ ਨੂੰ ਮਾਰਚ ਵਿੱਚ ਹੋਣ ਵਾਲੇ ਜਿਨੇਵਾ ਮੋਟਰ ਸ਼ੋਅ-2018 ਵਿੱਚ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਜਿੰਮੀ ਨੂੰ ਮਾਡਰਨ ਡਿਜ਼ਾਈਨ ਦਿੱਤਾ ਗਿਆ ਹੈ। ਇਸ ਵਿੱਚ ਅਗਲੇ ਪਾਸੇ ਸਰਕੂਲਰ ਹੈਡਲੈਂਪਸ ਅਤੇ ਸਾਈਡ ਤੇ ਚੌੜੇ ਵ੍ਹੀਲ ਆਰਚ ਆਉਣਗੇ। ਟੇਲ ਲੈਂਪਸ ਨੂੰ ਰੀਅਰ ਬੰਪਰ 'ਤੇ ਫਿੱਟ ਕੀਤਾ ਗਿਆ ਹੈ।



ਚੌਥੀ ਜਨਰੇਸ਼ਨ ਦੀ ਜਿੰਮੀ ਦਾ ਕੈਬਿਨ ਮਾਰੂਤੀ ਜਿਪਸੀ ਤੋਂ ਪ੍ਰੇਰਿਤ ਹੈ। ਇਸ ਵਿੱਚ ਜਿਪਸੀ ਨਾਲ ਮਿਲਦਾ-ਜੁਲਦਾ ਟੂ-ਦਾਖਿਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਆਟੋਮੈਟਿਕ ਕਲਾਈਮੇਟ ਕੰਟ੍ਰੋਲ ਯੂਨਿਟ ਨੂੰ ਨਵੀਂ ਮਾਰੂਤੀ ਸਵਿਫਟ ਨਾਲ ਅਤੇ ਫਲੈਟ-ਬੌਟਮ ਸਟਿਰਿੰਗ ਵ੍ਹੀਲ ਨੂੰ ਮਾਰੂਤੀ ਡਿਜ਼ਾਇਰ ਤੋਂ ਲਿਆ ਗਿਆ ਹੋ ਸਕਦਾ ਹੈ।

ਇਸ ਵਿੱਚ 7.0 ਇੰਚ ਸਮਾਰਟ-ਪਲੇਅ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਪੈਸੇਂਜਰ ਸੁਰੱਖਿਆ ਨੂੰ ਪੁਖਤਾ ਕਰਨ ਦੇ ਲਈ ਨਵੀਂ ਜਿੰਮੀ ਵਿੱਚ ਮਲਟੀਪਲ ਏਅਰਬੈਗ ਵੀ ਮਿਲਣਗੇ।



ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਜਿੰਮੀ ਵਿੱਚ 1.2 ਲੀਟਰ ਪੈਟ੍ਰੋਲ ਅਤੇ 1.0 ਲੀਟਰ ਬੁਸਟਰਜੈੱਟ ਟਰਬੋਚਾਰਜਡ ਪੈਟਰੋਲ ਇੰਜਣ ਦਾ ਵਿਕਲਪ ਦਿੱਤਾ ਜਾ ਸਕਦਾ ਹੈ। ਪੁਰਾਣੇ ਮਾਡਲ ਵਿੱਚ 1.3 ਲੀਟਰ ਦਾ ਪੈਟ੍ਰੋਲ ਇੰਜਣ ਲੱਗਿਆ ਸੀ। ਇਹ ਇੰਜਣ 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜਿਆ ਸੀ, ਜੋ ਸਾਰੇ ਪਹੀਆਂ ਨੂੰ ਪਾਵਰ ਸਪਲਾਈ ਕਰਦਾ ਸੀ।

ਪੁਰਾਣੇ ਮਾਡਲ ਦੀ ਤਰ੍ਹਾਂ ਨਵੀਂ ਜਿੰਮੀ ਨੂੰ ਵੀ ਆਫ ਰੋਡਿੰਗ ਲਈ ਤਿਆਰ ਕੀਤਾ ਜਾਵੇਗਾ। ਕਿਆਸ ਲਾਏ ਜਾ ਰਹੇ ਸਨ ਕਿ ਕੰਪਨੀ ਨਵੀਂ ਜਿੰਮੀ ਨੂੰ ਭਾਰਤ ਵਿੱਚ ਉਤਾਰ ਸਕਦੀ ਹੈ। ਭਾਰਤ ਵਿੱਚ ਇਸ ਨੂੰ ਜਿਪਸੀ ਦੀ ਥਾਂ ਉਤਾਰਿਆ ਜਾਵੇਗਾ।