ਨਵੀਂ ਦਿੱਲੀ: ਮੋਬਾਈਲ ਹੈਂਡਸੈੱਟ ਖ਼ਾਸ ਕਰ ਕੇ ਆਈਫ਼ੋਨ ਦੇ ਜ਼ਿਆਦਾਤਰ ਮਾਡਲ ਮਹਿੰਗੇ ਹੋ ਸਕਦੇ ਹਨ। ਇਸ ਦਾ ਕਾਰਨ ਹੈ ਕਿ ਸਰਕਾਰ ਨੇ ਮੋਬਾਈਲ ਹੈਂਡਸੈੱਟ ਦੇ ਨਾਲ ਟੈਲੀਵਿਜ਼ਨ ਦੀ ਦਰਾਮਦ 'ਤੇ ਟੈਕਸ ਵਧਾ ਦਿੱਤਾ ਹੈ। ਇਸੇ ਤਰ੍ਹਾਂ ਦਾ ਵਾਧਾ ਮਾਈਕ੍ਰੋਵੇਵ ਅਵਨ, ਵਾਟਰ ਹੀਟਰ ਵਰਗੀਆਂ ਚੀਜ਼ਾਂ 'ਤੇ ਵੀ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਇਹ ਸੂਚਨਾ ਜਾਰੀ ਕਰ ਦਰਾਮਦ ਕਰ ਵਿੱਚ ਵਾਧਾ ਕੀਤਾ ਹੈ। ਇਸ ਦੇ ਤਹਿਤ ਮੋਬਾਈਲ ਹੈਂਡਸੈੱਟ 'ਤੇ ਟੈਕਸ 10 ਦੀ ਥਾਂ 15 ਫ਼ੀ ਸਦੀ ਹੋਵੇਗਾ। ਇਹ ਨਵੀਆਂ ਦਰਾਂ ਲਾਗੂ ਵੀ ਹੋ ਗਈਆਂ ਹਨ।
ਮੋਬਾਈਲ ਹੈਂਡਸੈੱਟ ਬਾਜ਼ਾਰ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਕਾਊਂਟਰਪੁਆਇੰਟ ਮੁਤਾਬਿਕ 2018 ਦੌਰਾਨ ਕਰੀਬ 28 ਕਰੋੜ ਮੋਬਾਈਲ ਹੈਂਡਸੈੱਟ ਵਿਕਣ ਦਾ ਅਨੁਮਾਨ ਹੈ। ਇਸ ਵਿੱਚੋਂ 80 ਫ਼ੀ ਸਦੀ ਮੇਡ ਇਨ ਇੰਡੀਆ ਯਾਨੀ ਭਾਰਤ ਵਿੱਚ ਬਣੇ ਹੋਣਗੇ ਜਦਕਿ ਬਾਕੀ ਬਾਹਰ ਤੋਂ ਬਣ ਕੇ ਆਉਣਗੇ। ਦਰਾਮਦ ਕਰਨ ਵਾਲਿਆਂ ਵਿੱਚ ਐਪਲ, ਮਾਈਕ੍ਰੋਮੈਕ੍ਸ, ਲਿਨੋਵੋ ਮੁੱਖ ਰੂਪ ਵਿੱਚ ਸ਼ਾਮਿਲ ਹਨ।
ਕਾਊਂਟਰਪੁਆਇੰਟ ਮੁਤਾਬਿਕ, ਐਪਲ ਦੇਸ਼ ਵਿੱਚ ਵਿਕਣ ਵਾਲੇ ਆਪਣੇ ਮਾਡਲ ਦਾ ਕਰੀਬ 88 ਫ਼ੀ ਸਦੀ ਦਰਾਮਦ ਕਰਦਾ ਹੈ। ਅਜਿਹੇ ਵਿੱਚ ਹੁਣ ਜਾਂ ਤਾਂ ਉਹ ਰੇਟ ਵਧਾਏਗਾ ਜਾਂ ਫਿਰ ਭਾਰਤ ਵਿੱਚ ਫ਼ੋਨ ਅਸੈਂਬਲ ਕਰਨਾ ਸ਼ੁਰੂ ਕਰੇਗਾ। ਏਜੰਸੀ ਦਾ ਇਹ ਵੀ ਕਹਿਣਾ ਹੈ ਮਾਈਕਰੋਮੈਕਸ ਅਤੇ ਲਿਨੋਵੋ ਨੇ ਲਾਈਨ ਵਿਕਸਿਤ ਕਰ ਲਈ ਹੈ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਹੁਣ ਉਮੀਦ ਹੈ ਕਿ ਫੈਸਲੇ ਤੋਂ ਬਾਅਦ ਦੋਵੇਂ ਹੀ ਕੰਪਨੀਆਂ ਇਥੇ ਉਤਪਾਦਨ ਸ਼ੁਰੂ ਕਰ ਦੇਣ।
ਮੋਬਾਈਲ ਹੈਂਡਸੈੱਟ ਬਾਜ਼ਾਰ ਵਿੱਚ ਸੈਮਸੰਗ ਦਾ ਦਬਦਬਾ ਹੈ ਅਤੇ ਉਹ ਆਪਣੇ ਸਾਰੇ ਹੈਂਡਸੈੱਟ ਭਾਰਤ ਵਿੱਚ ਹੀ ਤਿਆਰ ਕਰਦੀ ਹੈ। ਦੇਸ਼ ਵਿੱਚ ਇਸ ਵੇਲੇ ਹਰ ਸਾਲ ਕਰੀਬ 50 ਕਰੋੜ ਮੋਬਾਈਲ ਹੈਂਡਸੈੱਟ ਤਿਆਰ ਹੋ ਰਹੇ ਹਨ ਜਦਕਿ ਤਿੰਨ ਸਾਲ ਪਹਿਲਾਂ ਇਹ ਸੰਖਿਆ 25 ਕਰੋੜ ਦੇ ਕਰੀਬ ਸੀ।