ਨਵੀਂ ਦਿੱਲੀ: ਆਈਫ਼ੋਨ 7 ਦਾ ਲਾਲ ਰੰਗ ਦਾ ਮਾਡਲ ਲਾਂਚ ਹੋਣ ਤੋਂ ਬਾਅਦ ਲਾਲ ਰੰਗ ਦੇ ਫ਼ੋਨ ਦਾ ਕ੍ਰੇਜ਼ ਸ਼ੁਰੂ ਹੋ ਗਿਆ। ਇਸ ਨੂੰ ਵੇਖਦੇ ਹੋਏ ਭਾਰਤ ਵਿੱਚ ਸਭ ਤੋਂ ਮਸ਼ਹੂਰ ਸਮਾਰਟਫੋਨ ਬ੍ਰਾਂਡ ਸ਼ਾਓਮੀ ਨੇ Mi A1 ਦਾ ਲਾਲ ਰੰਗ ਦਾ ਵੈਰੀਏਂਟ ਲਾਂਚ ਕੀਤਾ ਹੈ। ਸਤੰਬਰ ਮਹੀਨੇ ਵਿੱਚ ਕੰਪਨੀ ਨੇ ਐਂਡ੍ਰੌਇਡ ਵਨ ਵਾਲਾ ਇਹ ਸਮਾਰਟਫ਼ੋਨ ਬਲੈਕ, ਗੋਲਡ ਅਤੇ ਰੋਜ਼ ਗੋਲਡ ਵਿੱਚ ਲਾਂਚ ਕੀਤਾ ਹੈ। ਹੁਣ ਇਹ ਲਾਲ ਰੰਗ ਵਿੱਚ ਬਜ਼ਾਰ ਵਿੱਚ ਆਇਆ ਹੈ।

Mi A1 ਦੇ ਲਾਲ ਰੰਗ ਵਾਲੇ ਮਾਡਲ ਨੂੰ ਫਿਲਹਾਲ ਇੰਡੋਨੇਸ਼ੀਆ ਦੇ ਬਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ ਉੱਥੋਂ ਦੀ ਮੁਦਰਾ ਵਿੱਚ 3099 (ਜੋ ਕਿ ਤਕਰੀਬਨ 13,500 ਰੁਪਏ) ਹੈ। ਭਾਰਤ ਵਿੱਚ ਇਹ ਕਦ ਆਵੇਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਸ਼ਾਓਮੀ ਏ 1 ਇੱਕ ਡਬਲ ਸਿੰਮ ਵਾਲਾ ਸਮਾਰਟਫ਼ੋਨ ਹੈ ਜੋ ਕਿ ਐਂਡ੍ਰੌਇਡ ਦੇ ਨੌਗਟ 7.1 ਓ.ਐੱਸ. 'ਤੇ ਚਲਦਾ ਹੈ। ਇਸ ਵਿੱਚ 5.5 ਇੰਚ ਦੀ ਸਕ੍ਰੀਨ ਹੈ ਜਿਸ ਜੋ ਕਿ 1080x1920 ਪਿਕਸਲ ਹੈ ਅਤੇ ਗੋਰਿੱਲਾ ਗਲਾਸ ਪ੍ਰੋਟੈਕਸ਼ਨ 5 ਦੇ ਨਾਲ ਆਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਕਵਾਲਕੌਮ ਸਨੈਪਡ੍ਰੈਗਨ 625 ਹੈ। ਰੈਮ ਇਸ ਦੀ 4 ਜੀ.ਬੀ. ਹੈ।

ਕੈਮਰਾ ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ। ਇਹ ਕੰਪਨੀ ਦਾ ਭਾਰਤ ਵਿੱਚ ਸਭ ਤੋਂ ਸਸਤਾ ਸਮਾਰਟਫ਼ੋਨ ਹੈ ਜਿਹੜਾ ਕਿ ਡਬਲ ਬੈਕ ਕੈਮਰੇ ਦੇ ਨਾਲ ਆਉਂਦਾ ਹੈ। ਦੋਵੇਂ ਕੈਮਰੇ 12 ਮੈਗਾਪਿਕਸਲ ਦੇ ਹਨ। ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।

ਇੰਟਰਨਲ ਸਟੋਰੇਜ ਦੇ ਮਾਮਲੇ ਵਿੱਚ Mi A1 64 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ ਜਿਸ ਨੂੰ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਵਿੱਚ 3080 ਐੱਮ.ਏ.ਐੱਚ. ਦੀ ਬੈਟਰੀ ਹੈ।