ਨਵੀਂ ਦਿੱਲੀ: ਵੈਲੇਨਟਾਈਨ ਡੇਅ ਮਤਲਬ 14 ਫਰਵਰੀ ਦੇ ਦਿਨ ਚਾਈਨੀਜ਼ ਮੋਬਾਈਲ ਬਣਾਉਣ ਵਾਲੀ ਕੰਪਨੀ ਆਪਣਾ ਨਵਾਂ ਸਮਾਰਟਫੋਨ ਰੇਡਮੀ ਨੋਟ-5 ਲਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸ਼ਿਓਮੀ ਨੇ ਇਸ ਸਪੈਸ਼ਲ ਦਿਨ ਲਈ ਇੱਕ ਖਾਸ ਰਹੱਸ ਵੀ ਰੱਖਿਆ ਹੈ। ਸ਼ਿਓਮੀ ਦੇ ਇਸ ਸਰਪ੍ਰਾਈਜ਼ ਦੀ ਜਾਣਕਾਰੀ ਲਾਂਚ ਇਵੈਂਟ ਨੂੰ ਲੈ ਕੇ ਆਏ ਨਵੇਂ ਟੀਜ਼ਰ ਤੋਂ ਮਿਲੀ ਹੈ।

https://twitter.com/XiaomiIndia/status/962936824497762304

ਸ਼ਿਓਮੀ ਨੇ ਲਾਂਚ ਇਵੈਂਟ ਨੂੰ ਲੈ ਕੇ ਜਾਰੀ ਕੀਤੇ ਟੀਜ਼ਰ ਵਿੱਚ ਜਿਸ ਡਿਵਾਇਸ ਦੀ ਝਲਕ ਮਿਲ ਰਹੀ ਹੈ, ਉਹ ਸਮਾਰਟਫੋਨ ਵਰਗਾ ਨਹੀਂ ਵਿਖਾਈ ਦੇ ਰਿਹਾ। ਪਿਛਲੇ ਕਾਫੀ ਵਕਤ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਸ਼ਿਓਮੀ ਭਾਰਤ ਵਿੱਚ ਸਮਾਰਟਫੋਨ ਤੋਂ ਇਲਾਵਾ ਦੂਜੇ ਪ੍ਰੋਡਕਟ ਵੀ ਲਾਂਚ ਕਰਨਾ ਚਾਹੁੰਦੀ ਹੈ। ਅਜਿਹੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਿਓਮੀ ਨੋਟ 5 ਦੇ ਨਾਲ Mi TV ਨੂੰ ਵੀ ਭਾਰਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੈਲੇਨਟਾਈਨ ਡੇਅ 'ਤੇ ਸ਼ਿਓਮੀ ਘੱਟੋ-ਘੱਟ 5 ਨਵੇਂ ਪ੍ਰੋਡਕਟ ਪੇਸ਼ ਕਰ ਸਕਦੀ ਹੈ। ਇਸ ਬਾਰੇ ਸ਼ਿਓਮੀ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹਾਲਾਂਕਿ ਇਹ ਗੱਲ ਸਾਫ ਹੈ ਕਿ ਸ਼ਿਓਮੀ ਇਸ ਇਵੈਂਟ ਵਿੱਚ ਰੇਡਮੀ ਨੋਟ-5 ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਆਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਵਾਂਗ ਸ਼ਿਓਮੀ ਭਾਰਤ ਵਿੱਚ ਵੀ ਰੇਡਮੀ 5 ਤੇ ਰੇਡਮੀ 5 ਪਲੱਸ ਸਮਾਰਟਫੋਨ ਲਾਂਚ ਕਰ ਸਕਦੀ ਹੈ।

ਰੇਡਮੀ ਨੋਟ 5 ਵਿੱਚ 5.99 ਇੰਚ ਦਾ 18:9 ਆਸਪੈਕਟ ਰੇਸ਼ੋ ਵਾਲੀ ਡਿਸਪਲੇ ਹੋ ਸਕਦੀ ਹੈ। ਇਸ ਵਿੱਚ 625 ਸਨੈਪਡ੍ਰੈਗਨ ਪ੍ਰੋਸੈਸਰ ਤੇ 4 ਜੀਬੀ ਰੈਮ ਦਿੱਤੀ ਜਾ ਸਕਦੀ ਹੈ। ਰੇਡਮੀ ਨੋਟ-5 ਵਿੱਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਦੇ ਲਈ 4000 ਐਮਏਐਚ ਦੀ ਦਮਦਾਰ ਬੈਟਰੀ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਦੀ ਕੀਮਤ 15 ਹਜ਼ਾਰ ਦੇ ਨੇੜੇ-ਤੇੜੇ ਰਹਿਣ ਦੀ ਉਮੀਦ ਹੈ।