ਵਾਸ਼ਿੰਗਟਨ- ਲੰਮੀ ਦੂਰੀ ਦੀ ਯਾਤਰਾ ਕਰਦੇ ਸਮੇਂ ਫੋਨ ਚਾਰਜ ਦੀ ਸਮੱਸਿਆ ਹਮੇਸ਼ਾ ਰਹਿੰਦੀ ਹੈ। ਹੁਣ ਇਹ ਪਰੇਸ਼ਾਨੀ ਜਲਦੀ ਦੂਰ ਹੋਣ ਵਾਲੀ ਹੈ। ਵਿਗਿਆਨੀਆਂ ਨੇ ਧਾਤੂ ਦਾ ਇਕ ਛੋਟੇ ਟੈਬ ਬਣਾਉਣ ‘ਚ ਸਫਲਤਾ ਹਾਸਲ ਕੀਤੀ ਹੈ, ਜਿਹੜਾ ਮਨੁੱਖੀ ਸਰੀਰ ਤੋਂ ਬਿਜਲੀ ਪੈਦਾ ਕਰੇਗਾ।
ਵਿਗਿਆਨੀਆਂ ਦੀ ਸਮਝ ਅਨੁਸਾਰ ਮਨੁੱਖੀ ਸਰੀਰ ਊਰਜਾ ਦਾ ਭੰਡਾਰ ਹੈ। ਅਮਰੀਕਾ ਸਥਿਤ ਯੂਨੀਵਰਸਿਟੀ ਐਟ ਬਫਲੋ ਦੇ ਵਿਗਿਆਨੀਆਂ ਨੇ ਇਸੇ ਨੂੰ ਅਧਾਰ ਮੰਨ ਕੇ ਟੈਬ ਵਿਕਸਿਤ ਕੀਤਾ ਹੈ। ਜਦੋਂ ਕੋਈ ਚੀਜ਼ ਕਿਸੇ ਦੂਜੀ ਚੀਜ਼ ਦੇ ਸੰਪਰਕ ‘ਚ ਆਉਂਦੀ ਹੈ ਤਾਂ ਉਹ ਚਾਰਜ ਹੋ ਕੇ ਟ੍ਰਾਈਬੋਇਲੇਕਟਰੀਸਿਟੀ ਪੈਦਾ ਕਰਦੀ ਹੈ। ਇਸ ਦੀ ਵਰਤੋਂ ਕਰਕੇ ਨੈਨੋ ਜਰਨੇਟਰ ਬਣਾਉਣਾ ਮੁਸ਼ਕਿਲ ਤੇ ਮਹਿੰਗਾ ਵੀ ਹੁੰਦਾ ਹੈ।

ਵਿਗਿਆਨੀਆਂ ਵੱਲੋਂ ਬਣਾਏ ਇਸ ਟੈਬ ਨੇ ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰ ਦਿੱਤਾ ਹੈ। ਇਸ ਟੈਬ ‘ਚ ਸੋਨੇ ਦੀਆਂ ਦੋ ਛੋਟੀਆਂ ਪਰਤਾਂ ਵਿਚਾਲੇ ਸਿਲੀਕਾਨ ਦਾ ਬਣਿਆ ਇੱਕ ਪਾਲੀਮੋਰ ਲਾਇਆ ਗਿਆ ਹੈ। ਸੋਨੇ ਦੀ ਇਕ ਪਰਤ ਨੂੰ ਇਸ ਤਰ੍ਹਾਂ ਖਿੱਚਿਆ ਗਿਆ ਹੈ ਕਿ ਉਹ ਇਕ ਪਹਾੜ ਵਾਂਗ ਦਿਖਾਈ ਦੇਵੇ। ਜਦੋਂ ਸਰੀਰ ਦੇ ਕਿਸੇ ਹਿੱਸੇ ਦੇ ਮੁੜਨ ਜਿਵੇਂ ਉਂਗਲੀ ਮੁੜਨ ਨਾਲ ਜ਼ੋਰ ਪੈਂਦਾ ਹੈ ਤਾਂ ਸੋਨੇ ਤੇ ਪਾਲੀਮੋਰ ‘ਚ ਰਗੜ ਪੈਦਾ ਹੁੰਦੀ ਹੈ, ਜਿਸ ਨਾਲ ਬਿਜਲੀ ਦਾ ਉਤਪਾਦਨ ਹੁੰਦਾ ਹੈ। ਇਸ ਨਾਲ ਛੋਟਾ ਫੋਨ ਚਾਰਜ ਹੋ ਸਕਦਾ ਹੈ। ਵਿਗਿਆਨੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਸੋਨੇ ਦੀ ਵੱਡੀ ਪਰਤ ਦੀ ਵਰਤੋਂ ਕਰਨ ਤਾਂ ਜੋ ਜ਼ਿਆਦਾ ਬਿਜਲੀ ਦਾ ਉਤਪਾਦਨ ਕੀਤਾ ਜਾ ਸਕੇ।