ਨਵੀਂ ਦਿੱਲੀ: ਬਾਜ਼ਾਰ ਵਿੱਚ ਨਕਲੀ ਉਤਪਾਦਾਂ ਤੋਂ ਪ੍ਰੇਸ਼ਾਨ ਲੋਕਾਂ ਲਈ ਇਹ ਖ਼ਬਰ ਚੰਗੀ ਹੈ। ਹੁਣ ਤੁਸੀਂ ਸਿਰਫ ਐਸ.ਐਮ.ਐਸ. ਭੇਜ ਕੇ ਇਹ ਪਤਾ ਲਾ ਸਕਦੇ ਹੋ ਕਿ ਇਹ ਉਤਪਾਦ ਅਸਲੀ ਹੈ ਕਿ ਨਕਲੀ।

ਅਮਰੀਕੀ ਕੰਪਨੀ ਫਾਰਮਾਸਕਿਓਰ ਨੇ ਭਾਰਤ ਸਮੇਤ ਕੁਝ ਦੇਸ਼ਾਂ ਵਿੱਚ ਸਬੰਧਤ ਕੰਪਨੀਆਂ ਨਾਲ ਮਿਲ ਕੇ ਇਹ ਪਹਿਲ ਕੀਤੀ ਹੈ। ਸ਼ੁਰੂਆਤ ਵਿੱਚ ਕੰਪਨੀ ਨੇ ਇਹ ਸੁਵਿਧਾ ਦਵਾਈਆਂ ਦੇ ਖੇਤਰ ਵਿੱਚ ਸ਼ੁਰੂ ਕੀਤੀ ਸੀ, ਪਰ ਹੁਣ ਰੋਜ਼ਮਰਾ ਦੀ ਵਰਤੋਂ ਵਾਲੇ ਸਮਾਨ (ਐਫ.ਐਮ.ਸੀ.ਜੀ.) ਇਲੈਕਟ੍ਰੌਨਿਕਸ, ਕੌਸਮੈਟਿਕਸ ਵਰਗੀਆਂ ਚੀਜ਼ਾਂ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ।

ਇਸ ਲਈ ਕੰਪਨੀ ਨੇ ਪ੍ਰੋਡਕਟਸਕਿਓਰ ਨਾਂ ਤੋਂ ਵੱਖਰੀ ਇਕਾਈ ਬਣਾਈ ਹੈ। ਕੰਪਨੀ ਮੁਤਾਬਕ ਤੁਸੀਂ ਐਸ.ਐਮ.ਐਸ. ਰਾਹੀਂ ਮੋਬਾਈਲ ਐਪ 'ਤੇ ਵੀ ਉਤਪਾਦ ਦਾ 'ਬਾਰਕੋਡ' ਭੇਜ ਜਾਂ ਵੈੱਬਸਾਈਟ ਰਾਹੀਂ ਇਹ ਪਤਾ ਲਾ ਸਕਦੇ ਹੋ ਕਿ ਉਤਪਾਦ ਅਸਲੀ ਹੈ ਕਿ ਨਕਲੀ।

ਸਰਕਾਰ ਦੇ ਕਰੋੜਾਂ ਰੁਪਏ ਦੇ ਟੈਕਸ ਦਾ ਨੁਕਸਾਨ

ਫਾਰਮਾਸਕਿਓਰ ਦੇ ਮੁਖੀ ਤੇ ਮੁੱਖ ਕਾਰਜ ਅਧਿਕਾਰੀ ਨਕੁਲ ਪਸਰੀਚਾ ਨੇ ਕਿਹਾ ਕਿ ਨਕਲੀ ਉਤਪਾਦਾਂ ਨਾਲ ਨਾ ਸਿਰਫ ਕੰਪਨੀ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ ਬਲਕਿ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੇ ਟੈਕਸ ਦਾ ਨੁਕਸਾਨ ਹੁੰਦਾ ਹੈ। ਨਕਲੀ ਉਤਪਾਦ ਲੋਕਾਂ ਦੀ ਸਿਹਤ ਤੇ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਘਾਤਕ ਹਨ। ਫਿੱਕੀ ਦੀ ਰਿਪੋਰਟ ਮੁਤਾਬਕ ਨਕਲੀ ਉਤਪਾਦਾਂ ਕਾਰਨ ਭਾਰਤ ਸਰਕਾਰ ਨੂੰ ਤਕਰੀਬਨ 39,000 ਕਰੋੜ ਰੁਪਏ ਦਾ ਕਰ ਮਾਲੀਆ ਦਾ ਨੁਕਸਾਨ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਅਸੀਂ ਕੰਪਨੀਆਂ ਨਾਲ ਗੱਠਜੋੜ ਕਰ ਕੇ ਉਨ੍ਹਾਂ ਦੇ ਉਤਪਾਦਾਂ 'ਤੇ ਵਿਸ਼ੇਸ਼ ਬੈਚ ਨੰਬਰ ਲਾਉਂਦੇ ਹਾਂ। ਇਸ ਵਿੱਚ ਵਸਤੂ ਦੇ ਖਰਾਬ (ਐਕਸਪਾਇਰੀ) ਹੋਣ ਦੀ ਮਿਆਦ ਦਾ ਵੀ ਜ਼ਿਕਰ ਹੁੰਦਾ ਹੈ। ਜਦੋਂ ਗਾਹਕ ਉਨ੍ਹਾਂ ਨੂੰ ਮੈਸੇਜ ਭੇਜਦਾ ਹੈ ਤਾਂ ਉਸ ਦੇ ਮੋਬਾਈਲ 'ਤੇ ਤੁਰੰਤ ਵਾਪਸ ਸੰਦੇਸ਼ ਭੇਜਿਆ ਜਾਂਦਾ ਹੈ ਕਿ ਉਸ ਕੋਲ ਮੌਜੂਦ ਵਸਤੂ ਅਸਲੀ ਹੈ ਕਿ ਨਕਲੀ।