ਚੰਡੀਗੜ੍ਹ: ਸਾਈਬਰ ਸਕਿਉਰਟੀ ਰਿਸਰਚਰ ਟ੍ਰਾਏ ਹੰਟ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਭਰ ਦੇ ਲਗਪਗ 77.3 ਕਰੋੜ ਈਮੇਲ ਐਡਰੈੱਸ ਤੇ 2.1 ਕਰੋੜ ਪਾਸਵਰਡਸ ਹੈਕ ਹੋ ਗਏ ਹਨ। ਆਪਣੀ ਵੈਬਸਾਈਟ ’ਤੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਟ੍ਰਾਏ ਨੇ ਬਲੌਗ ਪੋਸਟ ਜ਼ਰੀਏ ਕਿਹਾ ਕਿ ਇਹ 2019 ਦਾ ਸਭ ਤੋਂ ਵੱਡਾ ਡੇਟਾ ਲੀਕ ਦਾ ਮਾਮਲਾ ਸਾਬਤ ਹੋ ਸਕਦਾ ਹੈ।


ਟ੍ਰਾਏ ਹੰਟ ਮੁਤਾਬਕ ਕਲੈਕਸ਼ਨ #1 ਵਿੱਚ ਈਮੇਲ ਤੇ ਪਾਸਵਰਡ ਦਾ ਇੱਕ ਸੈੱਟ ਹੈ, ਜਿਸ ਵਿੱਚ 2.69 ਅਰਬ (2,69,28,18,238) ਪੰਕਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਨੂੰ ਵੱਖ-ਵੱਖ ਡੇਟਾ ਲੀਕ ਲਈ ਤਿਆਰ ਕੀਤਾ ਗਿਆ ਹੈ। ਇਸ ਕਲੈਕਸ਼ਨ ਵਿੱਚ 12 ਹਜ਼ਾਰ ਤੋਂ ਵੱਧ ਫਾਈਲਾਂ ਮੌਜੂਦ ਹਨ ਜਿਨ੍ਹਾਂ ਦਾ ਸਾਈਜ਼ 87GB ਹੈ।

ਕਿਸੇ ਤੁਹਾਡਾ ਈਮੇਲ ਤੇ ਪਾਸਵਰਡ ਹੈਕ ਤਾਂ ਨਹੀਂ?

ਰਿਸਰਚਰ ਟ੍ਰਾਏ ਹੰਟ ਇੱਕ ਵੈਬਸਾਈਟ haveibeenpwned.com ਵੀ ਚਲਾਉਂਦੇ ਹਨ। ਇਸ ਵੈਬਸਾਈਟ ਜ਼ਰੀਏ ਚੈੱਕ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਈਮੇਲ ਜਾਂ ਪੈਸਵਰਡ ਹੈਕ ਤਾਂ ਨਹੀਂ ਹੋਇਆ। ਇਸ ਲਈ ਸਭ ਤੋਂ ਪਹਿਲਾਂ haveibeenpwned.com ’ਤੇ ਜਾ ਕੇ ਡਾਇਲਾਗ ਬਾਕਸ ’ਚ ਆਪਣਾ ਈਮੇਲ ਐਡਰੈਸ ਪਾਓ। ਜੇ ਈਮੇਲ ਆਈਡੀ ’ਤੇ 'Good News- no pwnage found' ਲਿਖਿਆ ਆਉਂਦਾ ਹੈ ਤਾਂ ਤੁਹਾਡੀ ਆਈਡੀ ਹੈਕ ਨਹੀਂ ਹੋਈ ਅਤੇ ਜੇ 'Oh No- pwned' ਲਿਖਿਆ ਆਇਆ ਤਾਂ ਤੁਹਾਡੀ ਆਈਡੀ ਹੈਕ ਹੋ ਚੁੱਕੀ ਹੈ। ਇਸ ਤਰੀਕੇ ਨਾਲ https://haveibeenpwned.com/Passwords ’ਤੇ ਜਾ ਕੇ ਪਾਸਵਰਡ ਹੈਕਿੰਗ ਦੀ ਜਾਣਕਾਰੀ ਵੀ ਲਈ ਜਾ ਸਕਦੀ ਹੈ।