ਨਵੀਂ ਦਿੱਲੀ: ਇੱਕ ਅਪ੍ਰੈਲ ਯਾਨੀ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਤੋਂ ਹੀ ਦੇਸ਼ ਭਰ ਵਿੱਚ ਪੇਸ਼ ਕੀਤਾ ਨਵਾਂ ਬਜਟ ਲਾਗੂ ਹੋ ਗਿਆ ਹੈ। ਇਸ ਬਜਟ ਵਿੱਚ ਮੋਬਾਈਲ ਫ਼ੋਨ ਬਣਾਉਣ ਵਾਲੀ ਵਿਦੇਸ਼ੀ ਕੰਪਨੀਆਂ ਲਈ ਬੁਰੀ ਖ਼ਬਰ ਹੈ। ਬਜਟ ਮੋਬਾਈਲ ਫ਼ੋਨ 'ਤੇ ਕਸਟਮ ਡਿਊਟੀ ਵਿੱਚ ਵਾਧਾ ਕੀਤੇ ਜਾਣ ਨਾਲ ਮੋਬਾਈਲ ਪੁਰਜ਼ੇ ਮਹਿੰਗੇ ਹੋ ਗਏ ਹਨ। ਇਨ੍ਹਾਂ 'ਤੇ ਲੱਗਣ ਵਾਲੀ ਕਸਟਮ ਡਿਊਟੀ 15% ਤੋਂ 20% ਤਕ ਵਧਾ ਦਿੱਤੀ ਗਈ ਹੈ।


ਇੰਨਾ ਹੀ ਨਹੀਂ ਮੋਬਾਈਲ ਫ਼ੋਨ ਦੇ ਨਾਲ-ਨਾਲ ਮੋਬਾਈਲ ਅਸੈਸੋਰੀਜ਼ ਵੀ ਮਹਿੰਗੀ ਹੋ ਗਈ ਹੈ। ਇਸ 'ਤੇ ਕਸਟਮ ਡਿਊਟੀ 7.5% ਤੋਂ ਵਧ ਕੇ 15% ਕਰ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਐਪਲ ਵਰਗੀ ਕੰਪਨੀ ਲਈ ਇਹ ਐਲਾਨ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਐਕਸਾਈਜ਼ ਡਿਊਟੀ ਵਧਣ ਨਾਲ ਭਾਰਤ ਵਿੱਚ ਐੱਪਲ ਦੇ ਸਾਰੇ ਉਤਪਾਦ ਮਹਿੰਗੇ ਹੋ ਜਾਣਗੇ, ਜਿਨ੍ਹਾਂ ਦਾ ਨਿਰਮਾਣ ਭਾਰਤ ਵਿੱਚ ਨਹੀਂ ਹੁੰਦਾ। ਡਿਊਟੀ ਵਿੱਚ ਹੋਏ ਵਾਧੇ ਤੋਂ ਕੰਪਨੀ ਦਾ ਸਿਰਫ ਆਈਫ਼ੋਨ SE ਹੀ ਬਚ ਸਕਦਾ ਹੈ, ਕਿਉਂਕਿ ਇਸ ਨੂੰ ਭਾਰਤ ਵਿੱਚ ਅਸੈਂਬਲ ਕੀਤਾ ਜਾਂਦਾ ਹੈ।

ਸਰਕਾਰ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਮੇਕ ਇਨ ਇੰਡੀਆ ਮੁਹਿੰਮ ਨੂੰ ਉਤਸ਼ਾਹ ਮਿਲੇਗਾ ਤੇ ਘਰੇਲੂ ਨਿਰਮਾਤਾ ਨੂੰ ਫਾਇਦਾ ਮਿਲੇਗਾ। ਘਰੇਲੂ ਕੰਪਨੀਆਂ ਜਿਵੇਂ ਮਾਈਕ੍ਰੋਮੈਕਸ, ਇੰਟੈਕਸ ਦੇ ਸਮਾਰਟਫ਼ੋਨ ਸਸਤੇ ਹੋ ਜਾਣਗੇ। ਦੂਜੇ ਪਾਸੇ ਐੱਪਲ, ਸੈਮਸੰਗ, ਓਪੋ ਵਰਗੀਆਂ ਕੰਪਨੀਆਂ ਦੇ ਫ਼ੋਨ ਮਹਿੰਗੇ ਹੋ ਜਾਣਗੇ। ਜੇਕਰ ਤੁਸੀਂ ਐਪਲ ਜਾਂ ਹੋਰ ਕਿਸੇ ਕੰਪਨੀ ਦਾ ਫ਼ੋਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ।