ਨਵੀਂ ਦਿੱਲੀ: ਸਰਕਾਰ ਨੇ ਲੋਕਾਂ ਨੂੰ ਰੈਡੀਏਸ਼ਨ ਦੇ ਡਰ ਤੋਂ ਬਚਾਉਣ ਤੇ ਜਾਗਰੂਕ ਕਰਨ ਲਈ ਇੱਕ ਬਿਹਤਰੀਨ ਕਦਮ ਚੁੱਕਿਆ ਹੈ। ਐਨਡੀਐਮਸੀ ਤੇ ਟੈਲੀਕਮਿਊਨੀਕੇਸ਼ਨ ਡਿਪਾਰਟਮੈਂਟ ਲੋਕਾਂ ਨੂੰ ਦੱਸੇਗਾ ਕਿ ਮੋਬਾਈਲ ਰੈਡੀਏਸ਼ਨ ਮਨੁੱਖੀ ਜ਼ਿੰਦਗੀ ਲਈ ਕਿੰਨਾ ਖਤਰਨਾਕ ਹੈ। ਰੈਡੀਏਸ਼ਨ ਮਾਪਣ ਲਈ ਵੀ ਟੈਲੀਕਮਿਊਨੀਕੇਸ਼ਨ ਡਿਪਾਰਟਮੈਂਟ ਨੇ ਪੁਖਤਾ ਇੰਤਜ਼ਾਮ ਕੀਤੇ ਹਨ।


ਦਰਅਸਲ ਹੁਣ ਤੁਸੀਂ ਆਪਣੇ ਘਰ 'ਚ ਮੋਬਾਈਲ ਰੈਡੀਏਸ਼ਨ ਦੀ ਜਾਂਚ ਸਰਕਾਰ ਤੋਂ ਕਰਵਾ ਸਕਦੇ ਹੋ। ਇਸ ਲਈ ਸਰਕਾਰ ਦੀ ਵੈੱਬਸਾਈਟ tarangsnchar.gov.in 'ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ। ਇਸ ਦੀ ਬਕਾਇਦਾ ਫੀਸ ਵੀ ਹੋਵੇਗੀ।


ਟੈਲੀਕਮਿਊਨੀਕੇਸ਼ਨ ਵਿਭਾਗ 'ਚ ਡਿਪਟੀ ਜਨਰਲ ਡਾਇਰੈਕਟਰ ਆਰਐਮ ਚਤੁਰਵੇਦੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਟੈਲੀਕਮਿਊਨੀਕੇਸ਼ਨ ਵਿਭਾਗ ਦੀ ਟੀਮ ਸ਼ਿਕਾਇਤਕਰਤਾ ਦੇ ਘਰ ਜਾ ਕੇ ਰੈਡੀਏਸ਼ਨ ਦੀ ਜਾਂਚ ਕਰੇਗੀ। ਇਸ ਦੀ ਸਹੀ ਜਾਣਕਾਰੀ ਵੀ ਘਰ ਵਾਲਿਆਂ ਨੂੰ ਦਿੱਤੀ ਜਾਵੇਗੀ। ਘਰ ਦੇ ਕਿਸ ਹਿੱਸੇ 'ਚ ਕਿੰਨਾ ਰੈਡੀਏਸ਼ਨ ਹੈ, ਇਸ ਗੱਲ ਦਾ ਪਤਾ ਵੀ ਟੀਮ ਲਾਵੇਗੀ।


ਮੋਬਾਈਲ ਰੈਡੀਏਸ਼ਨ ਨਾਲ ਜੁੜੀਆਂ ਸਮੱਸਿਆਵਾਂ ਤੇ ਇਸ ਦੇ ਡਰ ਨੂੰ ਦੂਰ ਕਰਨ ਲਈ ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ ਤੇ ਟੈਲੀਕਮਿਊਨੀਕੇਸ਼ਨ ਵਿਭਾਗ ਨੇ ਆਪਸ 'ਚ ਹੱਥ ਮਿਲਾਇਆ ਹੈ।


ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਕਰਵਾਏ ਸੈਮੀਨਾਰ 'ਚ ਆਏ ਮਾਹਿਰਾਂ ਨੇ ਇਹ ਸਪਸ਼ਟ ਕੀਤਾ ਕਿ ਮੋਬਾਈਲ ਤੇ ਟਾਵਰ ਤੋਂ ਨਿਕਲਣ ਵਾਲਾ ਰੈਡੀਏਸ਼ਨ ਮਨੁੱਖ ਲਈ ਖਤਰਾ ਨਹੀਂ ਹੈ।