ਨਵੀਂ ਦਿੱਲੀ: ਮੋਟੋਰੋਲਾ ਨੇ ਆਪਣਾ ਨਵਾਂ ਸਮਾਰਟਫੋਨ P30 ਨੋਟ ਲਾਂਚ ਕਰ ਦਿੱਤਾ ਹੈ। ਨਵੇਂ ਸਮਾਰਟਫੋਨ ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਗਿਆ ਹੈ। ਇਹ ਸਮਾਰਟਫੋਨ ਹਾਲ ਹੀ 'ਚ ਆਏ ਮੋਟੋਰੋਲਾ ਵਨ ਪਾਵਰ ਸਮਾਰਟਫੋਨ ਜਿਹਾ ਹੈ। ਇਸ ਸਮਾਰਟਫੋਨ ਦੀ ਖੂਬੀ ਆਈਫੋਨ X ਜਿਹਾ ਨੌਚ ਡਿਸਪਲੇਅ ਤੇ ਕੈਮਰੇ ਦਾ ਡਿਜ਼ਾਇਨ ਹੈ।


ਮੋਟੋਰੋਲਾ P30 ਨੋਟ ਦੀ ਸਕਰੀਨ ਦੀ ਗੱਲ ਕਰੀਏ ਤਾਂ ਇਸ 'ਚ 6.2 ਇੰਚ ਦਾ ਫੁੱਲ ਐਚਡੀ ਰੈਜ਼ੋਲੁਸ਼ਨ ਵਾਲਾ LCD ਨੌਚ ਡਿਸਪਲੇਅ ਦਿੱਤਾ ਗਿਆ ਹੈ। P30 ਨੋਟ ਦੇ ਡਿਸਪਲੇਅ ਦੇ ਆਸਪੈਕਟ ਰੇਸ਼ੋ ਨੂੰ 19:9 ਦੱਸ ਕੇ ਪ੍ਰਮੋਟ ਕੀਤਾ ਜਾ ਰਿਹਾ ਹੈ ਪਰ ਅਸਲ 'ਚ ਫੋਨ ਦਾ ਆਸਪੈਕਟ ਰੇਸ਼ੋ 18:7:9 ਹੈ।


ਸਮਾਰਟਫੋਨ 'ਚ ਕੁਆਲਕਮ ਸਨੈਪਡ੍ਰੈਗਨ 636 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ 64ਜੀਬੀ ਸਟੋਰੇਜ਼ ਨਾਲ 4ਜੀਬੀ ਰੈਮ ਤੇ 6ਜੀਬੀ ਰੈਮ ਦੇ ਦੋ ਵੇਰੀਏਂਟਸ ਨੂੰ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੀ ਸਟੋਰੇਜ ਨੂੰ ਮਾਇਕ੍ਰੋਐਸਡੀ ਕਾਰਡ ਜ਼ਰੀਏ 128ਜੀਬੀ ਤੱਕ ਵਧਾਇਆ ਵੀ ਜਾ ਸਕਦਾ ਹੈ।


P30 ਨੋਟ 'ਚ ਕੈਮਰਾ ਪੂਰੀ ਤਰ੍ਹਾਂ ਮੋਟੋ ਵਨ ਪਾਵਰ ਜਿਹਾ ਹੀ ਦਿੱਤਾ ਗਿਆ ਹੈ। ਰੀਅਰ ਕੈਮਰੇ 'ਚ ਡਿਊਲ ਸੈਟਅਪ ਨਾਲ 16 ਮੈਗਾਪਿਕਸਲ ਤੇ 5 ਮੈਗਾਪਿਕਸਲ ਦੇ ਸੈਂਸਰ ਦੀ ਵਰਤੋ ਕੀਤੀ ਗਈ ਹੈ। ਫਰੰਟ ਕੈਮਰੇ 'ਚ 12 ਮੈਗਾਪਿਕਸਲ ਦੇ ਸੈਂਸਰ ਦੀ ਵਰਤੋ ਕੀਤੀ ਗਈ ਹੈ।


ਸਮਾਰਟਫੋਨ 'ਚ 5000mAh ਦੀ ਪਾਵਰਫੁੱਲ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਭਾਰਤੀ ਰੁਪਏ 'ਚ ਸਮਾਰਟਫੋਨ ਦੀ ਕੀਮਤ 21000 ਰੁਪਏ ਹੋ ਸਕਦੀ ਹੈ। ਹਾਲਾਂਕਿ ਇਸ ਦਾ 6ਜੀਬੀ ਰੈਮ ਵੇਰੀਏਂਟ ਕਰੀਬ 24 ਹਜ਼ਾਰ ਰੁਪਏ 'ਚ ਮਿਲੇਗਾ।