ਨਵੀਂ ਦਿੱਲੀ: ਟਾਟਾ ਮੋਟਰਜ਼ ਦੀ ਸਭ ਤੋਂ ਸਸਤੀ ਕਾਰ ਨੈਨੋ ਹੁਣ ਬੰਦ ਹੋਣ ਕਿਨਾਰੇ ਖੜ੍ਹੀ ਹੈ। ਇਸ ਦੀ ਮੰਗ ਲਗਾਤਾਰ ਘਟਦੀ ਜਾ ਰਹੀ ਹੈ। ਇਸ ਨੂੰ ਵੇਖਦੇ ਹੋਏ ਕੰਪਨੀ ਇਸ ਨੂੰ ਬੰਦ ਕਰਨ ਦਾ ਫੈਸਲਾ ਲੈ ਸਕਦੀ ਹੈ। ਦੇਸ਼ 'ਚ ਟਾਟਾ ਦੀ ਜ਼ਿਆਦਾਤਰ ਡੀਲਰਸ਼ਿਪ 'ਤੇ ਇਹ ਕਾਰ ਨਜ਼ਰ ਨਹੀਂ ਆ ਰਹੀ। ਇੰਨਾ ਹੀ ਨਹੀਂ, ਜ਼ਿਆਦਾਤਰ ਡੀਲਰਾਂ ਨੇ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਇਸ ਕਾਰ ਦੇ ਆਰਡਰ ਲੈਣਾ ਵੀ ਬੰਦ ਕਰ ਦਿੱਤਾ ਹੈ। ਇਨ੍ਹਾਂ ਸ਼ੋਅਰੂਮਾਂ 'ਚ ਜ਼ਿਆਦਾਤਰ ਟਾਟਾ ਟਿਆਗੋ, ਟਿਗੋਰ, ਹੈਕਸਾ ਤੇ ਨੈਕਸਾਨ ਦੀਆਂ ਗੱਡੀਆਂ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨੈਨੋ ਉਨ੍ਹਾਂ ਮਾਡਲਾਂ 'ਚ ਸ਼ੁਮਾਰ ਹੈ ਜਿਸ ਦਾ ਪ੍ਰੋਡਕਸ਼ਨ ਸਭ ਤੋਂ ਘਟ ਰਿਹਾ ਹੈ। ਇਸ ਕਾਰ ਨੂੰ ਸ਼ੁਰੂ 'ਚ ਇੱਕ ਲੱਖ ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਜੋ ਵਧਦਾ ਹੀ ਗਿਆ। ਫਿਲਹਾਲ ਟਾਟਾ ਨੈਨੋ ਦਿੱਲੀ 'ਚ 2.25 ਲੱਖ ਰੁਪਏ ਤੋਂ ਲੈ ਕੇ 3.20 ਲੱਖ ਰੁਪਏ ਤੱਕ ਵਿਕ ਰਹੀ ਹੈ।

ਟਾਟਾ ਮੋਟਰਜ਼ ਨੇ ਅਗਸਤ 'ਚ 630 ਆਉਟਲੇਟਸ 'ਤੇ 180 ਨੈਨੋ ਕਾਰਾਂ ਡਿਸਪੈਚ ਕੀਤੀਆਂ ਸਨ। ਸਤੰਬਰ 'ਚ ਇਹ ਗਿਣਤੀ ਸਿਰਫ 124 ਰਹਿ ਗਈ ਤੇ ਅਕਤੂਬਰ 'ਚ ਸਿਰਫ 57 'ਤੇ ਗਿਣਤੀ ਆ ਪੁੱਜੀ। ਸੂਤਰਾਂ ਮੁਤਾਬਕ ਕੰਪਨੀ ਇਸ ਕਾਰ ਨੂੰ ਜਲਦ ਬੰਦ ਕਰ ਸਕਦੀ ਹੈ। 28 ਨਵੰਬਰ ਨੂੰ ਟਾਟਾ ਮੋਟਰਜ਼ ਨੈਨੋ ਦਾ ਇਲੈਕਟ੍ਰਿਕ ਵਰਜ਼ਨ ਲਾਂਚ ਕਰਨ ਜਾ ਰਹੀ ਹੈ। ਇਨ੍ਹਾਂ ਕਾਰਾਂ ਦਾ ਪਹਿਲਾ ਬੈਚ ਜਲਦ ਡਿਲੀਵਰ ਕੀਤਾ ਜਾਵੇਗਾ।