ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕੇਬਲ ਤੇ ਡੀਟੀਐਚ ਕੰਪਨੀਆਂ ਖਿਲਾਫ ਲਗਾਤਾਰ ਸ਼ਿਕੰਜਾ ਕੱਸਿਆ ਹੋਇਆ ਹੈ। ਗਾਹਕਾਂ ਨੂੰ ਮਨਪਸੰਦ ਚੈਨਲ ਚੁਣਨ ਦਾ ਹੱਕ ਦੇਣ ਮਗਰੋਂ ਹੁਣ ਟਰਾਈ ਨੇ ਟੈਲੀਵਿਜ਼ਨ ਚੈਨਲਾਂ ਦੇ ਡਿਸਟ੍ਰੀਬਿਊਟਰਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇੱਕੋ ਜਿਹੇ ਚੈਨਲਾਂ ਨੂੰ ਇਕੱਠਿਆਂ ਰੱਖਿਆ ਜਾਵੇ। ਇਸ ਦੇ ਨਾਲ ਹੀ ਇੱਕ ਚੈਨਲ ਇੱਕ ਹੀ ਥਾਂ ਉੱਤੇ ਦਿਖੇ ਜਿਵੇਂ ਨਿਯਮਾਂ ਵਿੱਚ ਕਿਹਾ ਹੈ।
ਅਥਾਰਟੀ ਨੇ ਕਿਹਾ ਕਿ ਅਜਿਹਾ ਨਾ ਕਰਨ ਉੱਤੇ ਸਬੰਧਤ ਡਿਸਟ੍ਰੀਬਿਊਟਰ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਗਾਹਕਾਂ ਦੀ ਸ਼ਿਕਾਇਤ ਮਗਰੋਂ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਨੇ ਇਹ ਹੁਕਮ ਦਿੱਤਾ ਹੈ। ਇਹ ਹੁਕਮ ਗਾਹਕਾਂ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ ਕਿਉਂਕਿ ਇੱਕੋ ਜਿਹੇ ਚੈਨਲ ਇੱਕ ਜਗ੍ਹਾ ਨਾ ਰੱਖਣ ਕਾਰਨ ਇਨ੍ਹਾਂ ਨੂੰ ਲੱਭਣ ਵਿਚ ਦਿੱਕਤ ਆਉਂਦੀ ਹੈ।
ਦੂਜੇ ਪਾਸੇ ਇੱਕ ਹੀ ਚੈਨਲ ਦੇ ਇੱਕ ਤੋਂ ਵੱਧ ਥਾਵਾਂ ਉੱਤੇ ਦਿਖਾਈ ਦੇਣ ਨਾਲ ਉਸ ਦੀ ਰੇਟਿੰਗ ਉੱਤੇ ਵੀ ਫਰਕ ਪੈਂਦਾ ਹੈ। ਤਾਜ਼ਾ ਹੁਕਮ ਟੀਵੀ ਚੈਨਲਾਂ ਦੇ ਡਿਸਟ੍ਰੀਬਿਊਟਰਾਂ ਨੂੰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਡੀਟੀਐਚ ਪ੍ਰਬੰਧਕ ਤੇ ਮਲਟੀ ਸਿਸਟਮ ਪ੍ਰਬੰਧਕ ਵੀ ਸ਼ਾਮਲ ਹਨ। ਟਰਾਈ ਨੂੰ ਇਕੋ ਜਿਹੇ ਚੈਨਲ ਵੱਖ-ਵੱਖ ਰੱਖਣ ਤੇ ਇੱਕੋ ਚੈਨਲ ਨੂੰ ਕਈ ਜਗ੍ਹਾ ਦਿਖਾਉਣ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ।
ਇਸ ਦੇ ਨਾਲ ਹੀ ਟਰਾਈ ਨੇ ਪ੍ਰਸਾਰਣ ਦਰਸ਼ਕ ਖੋਜ ਪ੍ਰੀਸ਼ਦ (ਬਾਰਕ) ਨੂੰ ਟੀਵੀ ਚੈਨਲਾਂ ਦੇ ਦਰਸ਼ਕਾਂ ਨਾਲ ਜੁੜੇ ਅੰਕੜੇ ਤੁਰੰਤ ਪ੍ਰਭਾਵ ਨਾਲ ਆਪਣੀ ਵੈੱਬਸਾਈਟ ਉੱਤੇ ਸਾਂਝੇ ਕਰਨ ਦਾ ਹੁਕਮ ਦਿੱਤਾ ਹੈ। ਅਥਾਰਟੀ ਨੇ ਨਵੀਂ ਡੀਟੀਐਚ ਤੇ ਕੇਬਲ ਕਰ ਨੀਤੀ ਨੂੰ ਲਾਗੂ ਕਰਨ ਦੀ ਮਿਆਦ ਵਿੱਚ ਚੈਨਲਾਂ ਦੇ ਦਰਸ਼ਕਾਂ ਨਾਲ ਜੁੜੇ ਅੰਕੜਿਆਂ ਤੇ ਰੇਟਿੰਗ ਦੇ ਪ੍ਰਕਾਸ਼ਨ ਨਾ ਕਰਨ ਨੂੰ ਲੈ ਕੇ ਬਾਰਕ ਦੀ ਖਿਚਾਈ ਕਰਦਿਆਂ ਇਹ ਹੁਕਮ ਜਾਰੀ ਕੀਤਾ ਹੈ।
ਅਥਾਰਟੀ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਅਜਿਹਾ ਨਾ ਕਰਨ ਉੱਤੇ ਉਸ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਟਰਾਈ ਨੇ ਬਾਰਕ ਨੂੰ 25 ਫਰਵਰੀ, 2019 ਤੱਕ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ।