ਚੰਡੀਗੜ੍ਹ: ਟਵਿੱਟਰ ਵਿੱਚ ਨਵਾਂ ਵਾਇਰਸ ਸਾਹਮਣੇ ਆਇਆ ਹੈ। ਕੁਝ ਐਂਡ੍ਰੌਇਡ ਯੂਜ਼ਰਸ ਦੇ ਪ੍ਰਾਈਵੇਟ ਟਵੀਟ ਪਬਲਿਕ ਹੋ ਰਹੇ ਹਨ। ਇਹ ਟਵੀਟ ਉਨ੍ਹਾਂ ਲੋਕਾਂ ਦੇ ਹਨ ਜਿਨ੍ਹਾਂ ਨੇ ਪੰਜ ਸਾਲਾਂ ਦੇ ਬਾਅਦ ਆਪਣੇ ਅਕਾਊਂਟ ਵਿੱਚ ਕੋਈ ਬਦਲਾਅ ਨਹੀਂ ਕੀਤਾ। ਇਨ੍ਹਾਂ ਵਿੱਚ ਸੈਟਿੰਗਸ ਵਿੱਚ ਈਮੇਲ ਐਡਰੈੱਸ ਨੂੰ ਬਦਲਣਾ ਜਾਂ ਅਕਾਊਂਟ ਨੂੰ ਲਿੰਕ ਕਰਨਾ ਵੀ ਸ਼ਾਮਲ ਹਨ। ਮਾਈਕ੍ਰੋ ਬਲਾਗਿੰਗ ਪਲੇਟਫਾਰਮ ਮੁਤਾਬਕ ਇਸ ਬਗ ਨੂੰ ਠੀਕ ਕਰ ਦਿੱਤਾ ਗਿਆ ਹੈ। ਕੰਪਨੀ ਨੇ ‘ਪ੍ਰੋਟੈਕਟ ਯੂਅਰ ਟਵੀਟਸ’ ਸੈਟਿੰਗਸ ਨੂੰ ਵੀ ਡਿਸੇਬਲ ਕਰ ਦਿੱਤਾ ਹੈ। ਹਾਲਾਂਕਿ ਇਸ ਬਗ ਨੇ IOS ਤੇ ਡੈਸਕਟਾਪ ਯੂਜ਼ਰਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।


ਇਸ ਬਗ ਬਾਰੇ ਟਵਿੱਟਰ ਨੇ ਆਪਣੇ ਹੈਲਪ ਪੇਜ ’ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਕੰਪਨੀ ਨੇ ਲਿਖਿਆ ਹੈ ਕਿ ਜੇ ਤੁਸੀਂ ਆਪਣੇ ਪ੍ਰਟੈਕਟਿਡ ਟਵੀਟਸ ਨੂੰ ਸੈਟਿੰਗਸ ਵਿੱਚ ਆਨ ਰੱਖਿਆ ਹੈ ਤਾਂ ਤੁਸੀਂ ਇਸ ਦੀ ਚਪੇਟ ਵਿੱਚ ਆਓਗੇ ਤੇ ਜੇ ਤੁਸੀਂ 3 ਨਵੰਬਰ 2014 ਤੋਂ 14 ਜਨਵਰੀ 2019 ਤਕ ਆਪਣੇ ਅਕਾਊਂਟ ਦੇ ਈਮੇਲ ਐਡਰੈਸ ਵਿੱਚ ਕੁਝ ਬਦਲਾਅ ਕੀਤੇ ਹਨ ਤਾਂ ਫਿਰ ਵੀ ਤੁਹਾਡੇ ਪ੍ਰਾਈਵੇਟ ਟਵੀਟਸ ਨੂੰ ਖ਼ਤਰਾ ਹੈ।

ਟਵਿੱਟਰ ਨੇ ਕਿਹਾ ਹੈ ਕਿ ਆਪਣੀਆਂ ਪ੍ਰਾਈਵੇਟ ਸੈਟਿੰਗਸ ਵਿੱਚ ਜਾ ਕੇ ਬਦਲਾਅ ਕਰੋ ਜਿਸ ਨਾਲ ਇਹ ਬਗ ਤੁਹਾਡੇ ਅਕਾਊਂਟ ’ਤੇ ਕੋਈ ਖ਼ਤਰਾ ਨਾ ਪਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਟਵਿੱਟਰ ਨੇ 336 ਮਿਲੀਅਨ ਯੂਜ਼ਰਸ ਨੂੰ ਆਪਣਾ ਪਾਸਵਰਡ ਬਦਲਣ ਲਈ ਕਿਹਾ ਸੀ ਕਿਉਂਕਿ ਕੰਪਨੀ ਦੇ ਸਿਸਟਮ ਵਿੱਚ ਕੋਈ ਬਗ ਆ ਗਿਆ ਸੀ। ਉਸ ਬਗ ਦੇ ਬਾਅਦ ਯੂਜ਼ਰਸ ਦੇ ਖ਼ਾਤਿਆਂ ’ਤੇ ਹੈਕਰਾਂ ਦਾ ਖ਼ਤਰਾ ਸੀ ਇਸ ਲਈ ਕੰਪਨੀ ਨੇ ਉਕਤ ਕਦਮ ਚੁੱਕਿਆ ਸੀ।