ਵ੍ਹੱਟਸਐਪ ’ਤੇ ਚੈਟਿੰਗ ਸੌਖੀ, ਹੁਣ ਬੋਲ ਕੇ ਲਿਖੋ ਮੈਸੇਜ
ਏਬੀਪੀ ਸਾਂਝਾ | 19 Jan 2019 03:14 PM (IST)
ਚੰਡੀਗੜ੍ਹ: ਕੁਝ ਦਿਨ ਪਹਿਲਾਂ ਮੀਡੀਆ ਵਿੱਚ ਵ੍ਹੱਟਸਐਪ ’ਤੇ ਡਿਕਟੇਸ਼ਨ ਫੀਚਰ ਦੀ ਖ਼ਬਰ ਆਈ ਸੀ। ਇਸ ਦੀ ਮਦਦ ਨਾਲ ਸਿਰਫ ਬੋਲ ਕੇ ਹੀ ਮੈਸੇਜ ਟਾਈਪ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਫੀਚਰ ਪਹਿਲਾਂ ਹੀ ਐਪਲ ਦੇ ਸਿਰੀ ਤੇ ਐਂਡਰੌਇਡ ਦੇ ਗੂਗਲ ਅਸਿਸਟੈਂਟ ਵਿੱਚ ਮੌਜੂਦ ਹੈ, ਪਰ ਦਾਅਵਾ ਕੀਤਾ ਜਾ ਰਿਹਾ ਹੈ ਡਿਕਟੇਸ਼ਨ ਫੀਚਰ ਹੁਣ ਵ੍ਹੱਟਸਐਪ ਵਿੱਚ ਇਨਬਿਲਟ ਹੋ ਗਿਆ ਹੈ। ਹਾਲਾਂਕਿ ਵ੍ਹੱਟਸਐਪ ਨੇ ਅਜਿਹੀ ਕੋਈ ਫੀਚਰ ਜਾਰੀ ਨਹੀਂ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਂ ਵ੍ਹੱਟਸਐਪ ਨੇ ਡਿਕਟੇਸ਼ਨ ਫੀਚਰ ਰੋਲ ਆਊਟ ਨਹੀਂ ਕੀਤਾ। ਦਰਅਸਲ ਕਈ ਮੀਡੀਆ ਵੈੱਬਸਾਈਟਾਂ ਨੇ ਦਾਅਵਾ ਕੀਤਾ ਹੈ ਕਿ ਵ੍ਹੱਟਸਐਪ ਦੇ ਵਰਸ਼ਨ 2.19.11 ਵਿੱਚ ਡਿਕਟੇਸ਼ਨ ਫੀਚਰ ਨੂੰ ਰੋਲ ਆਊਟ ਕਰ ਦਿੱਤਾ ਗਿਆ ਹੈ ਤੇ ਹੁਣ ਬੋਲ ਕੇ ਹੀ ਮੈਸੇਜ ਟਾਈਪ ਕੀਤਾ ਜਾ ਸਕੇਗਾ। ਪਿਛਲੇ ਹਫ਼ਤੇ ਵ੍ਹੱਟਸਐਪ ਨੇ ਆਈਓਐਸ ਲਈ ਨਵਾਂ ਵਰਸ਼ਨ 2.19.11 ਜਾਰੀ ਕੀਤਾ ਪਰ ਆਪਣੇ ਵੱਲੋਂ ਡਿਕਟੇਸ਼ਨ ਫੀਚਰ ਦੀ ਜਾਣਕਾਰੀ ਨਹੀਂ ਦਿੱਤੀ। ਜੇ ਵ੍ਹੱਟਸਐਪ ਇਸ ਫੀਚਰ ਨੂੰ ਇਨਬਿਲਟ ਕਰਦਾ ਤਾਂ ਨਵੇਂ ਵਰਸ਼ਨ ਦੀ ਡਿਸਕ੍ਰਿਪਸ਼ਨ ਵਿੱਚ ਇਸ ਦੀ ਜਾਣਕਾਰੀ ਜ਼ਰੂਰ ਦਿੰਦਾ। ਹਾਲਾਂਕਿ ਐਂਡਰੌਇਡ ਦੇ ਜੀ-ਬੋਰਡ ਵਿੱਚ ਪਹਿਲਾਂ ਤੋਂ ਹੀ ਇਹ ਫੀਚਰ ਮੌਜੂਦ ਹੈ ਜਿਸ ਨਾਲ ਕਿਸੇ ਨੂੰ ਵੀ ਸਿਰਫ ਬੋਲ ਕੇ ਹੀ ਮੈਸੇਜ ਟਾਈਪ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਆਈਓਐਸ ਦੇ ਕੀਬੋਰਡ ਵਿੱਚ ਵੀ ਇਸ ਤਰ੍ਹਾਂ ਦੀ ਫੀਚਰ ਪਹਿਲਾਂ ਤੋਂ ਮੌਜੂਦ ਹੈ। ਐਂਡਰੌਇਡ ’ਤੇ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਵ੍ਹੱਟਸਐਪ ਚੈਟ ਖੋਲ੍ਹੋ। ਬੋਲ ਕੇ ਮੈਸੇਜ ਟਾਈਪ ਕਰਨ ਲਈ ਕੀ-ਬੋਰਡ ਦੇ ਉੱਪਰ ਸੱਜੇ ਪਾਸੇ ਇੱਕ ‘ਮਾਈਕ’ ਦਿਖਾਈ ਦਏਗਾ। ਇਸ ’ਤੇ ਟੈਪ ਕਰਨ ਬਾਅਦ ਬੋਲ ਕੇ ਮੈਸੇਜ ਟਾਈਪ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਆਈਓਐਸ ਵਿੱਚ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਜਦੋਂ ਵ੍ਹੱਟਸਐਪ ਚੈਟ ਖੋਲ੍ਹੋਗੇ ਤਾਂ ਸਭ ਤੋਂ ਹੇਠਾਂ ਮਾਈਕ ਦਾ ਬਟਨ ਦਿਖਾਈ ਦਏਗਾ। ਇਸ ਉੱਪਰ ਟੈਪ ਕਰਨ ਨਾਲ ਬੋਲ ਕੇ ਟਾਈਪ ਕੀਤਾ ਜਾ ਸਕਦਾ ਹੈ।