ਚੰਡੀਗੜ੍ਹ: ਗਾਉਣ-ਪਾਣੀ ਦੇ ਸ਼ੌਕੀਨਾਂ ਲਈ ਖੁਸ਼ਬਰੀ ਹੈ। ਕਈ ਮਹੀਨਿਆਂ ਤੋਂ ਭਾਰਤ ਵਿੱਚ ਸਪਾਟੀਫਾਈ ਲਾਂਚ ਹੋਣ ਦੀਆਂ ਚਰਚਾਵਾਂ ਨੂੰ ਬੂਰ ਪੈਣ ਜਾ ਰਿਹਾ ਹੈ। ਸਵੀਡਿਸ਼ ਕੰਪਨੀ ਦਾ ਇਹ ਮਸ਼ਹੂਰ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਭਾਰਤ ਵਿੱਚ ਵੀ ਆਪਣੀ ਸਰਵਿਸ ਲਾਂਚ ਕਰਨਾ ਚਾਹੁੰਦਾ ਹੈ।


ਇਸੇ ਹਫ਼ਤੇ ਕੰਪਨੀ ਨੇ ਭਾਰਤ ਦੀ ਸਭ ਤੋਂ ਵੱਡੀ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਨਾਲ ਭਾਈਵਾਲੀ ਕਰ ਲਈ ਹੈ। ਇਸ ਸੌਦੇ ਨਾਲ ਸਪਾਟੀਫਾਈ ਨੂੰ ਸਾਰੇ ਗੀਤਾਂ ਨੂੰ ਐਕਸੈੱਸ ਕਰਨ ਦਾ ਅਧਿਕਾਰ ਮਿਲ ਜਾਏਗਾ। ਕੰਪਨੀ ਪਹਿਲਾਂ ਹੀ ਮੁੰਬਈ ਵਿੱਚ ਆਪਣਾ ਦਫ਼ਤਰ ਖੋਲ੍ਹ ਚੁੱਕੀ ਹੈ ਜਿੱਥੇ 300 ਲੋਕ ਕੰਮ ਕਰ ਰਹੇ ਹਨ।

ਟੀ-ਸੀਰੀਜ਼ ਤੇ ਸਪਾਟੀਫਾਈ ਦੀ ਭਾਈਵਾਲੀ ਨਾਲ ਨਾ ਸਿਰਫ ਭਾਰਤੀ ਯੂਜ਼ਰਸ ਨੂੰ ਫਾਇਦਾ ਹੋਏਗਾ ਬਲਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇਸ ਪਲੇਟਫਾਰਮ ਜ਼ਰੀਏ ਟੀ-ਸੀਰੀਜ਼ ਦੇ ਗਾਣੇ ਸੁਣੇ ਜਾ ਸਕਣਗੇ। ਮੌਜੂਦਾ ਟੀ-ਸੀਰੀਜ਼ ਆਪਣੇ ਯੂਜ਼ਰਸ ਨੂੰ 160,000 ਗਾਣੇ ਮੁਹੱਈਆ ਕਰਵਾਉਂਦਾ ਹੈ। ਹੁਣ ਸਪਾਟੀਫਾਈ ਦੇ ਆਉਣ ਨਾਲ ਭਾਰਤ ਵਿੱਚ ਪਹਿਲਾਂ ਤੋਂ ਮੌਜੂਦ ਗਾਨਾ, ਸਾਵਨ ਤੇ ਐਪਲ ਮਿਊਜ਼ਿਕ ਵਪਗੇ ਪਲੇਟਫਾਰਮ ਨੂੰ ਸਖ਼ਤ ਟੱਕਰ ਮਿਲ ਸਕਦੀ ਹੈ।

ਵਰਾਇਟੀ ਦੀ ਇੱਕ ਰਿਪੋਰਟ ਮੁਤਾਬਕ ਸਪਾਟੀਫਾਈ31 ਜਨਵਰੀ ਤੋਂ ਪਹਿਲਾਂ ਇਹ ਸਰਵਿਸ ਚਾਲੂ ਕਰ ਸਕਦਾ ਹੈ। ਹਾਲਾਂਕਿ ਹਾਲੇ ਸੋਨੀ, ਯੂਨੀਵਰਸਲ ਤੇ ਵਾਰਨਰ ਨਾਲ ਉਸ ਦੀ ਭਾਈਵਾਲੀ ਨਹੀਂ ਹੋਈ। ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸਪਾਟੀਫਾਈ ਇਨ੍ਹਾਂ ਦੇ ਬਗੈਰ ਹੀ ਭਾਰਤ ਵਿੱਚ ਆਪਣੀ ਸਰਵਿਸ ਚਾਲੂ ਕਰ ਸਕਦਾ ਹੈ। ਪਹਿਲੇ ਮਹੀਨੇ ਵਿੱਚ ਯੂਜ਼ਰ ਨੂੰ ਮੁਫ਼ਤ ਸਰਵਿਸ ਦਿੱਤੀ ਜਾਏਗੀ ਜਦਕਿ ਇੱਕ ਮਹੀਨੇ ਬਾਅਦ ਸਰਵਿਸ ਲਈ ਪੈਸੇ ਅਦਾ ਕਰਨੇ ਪੈਣਗੇ।