ਚੰਡੀਗੜ੍ਹ: ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਾਉਣ ਵਾਲੇ ਦਲਾਲਾਂ ਦਾ ਰਾਹ ਬੰਦ ਹੋ ਜਾਵੇਗਾ। ਡਰਾਇਵਿੰਗ ਲਾਇਸੈਂਸ ਆਨਲਾਈਨ ਹੋਣ ਮਗਰੋਂ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਵਾਰੀ ਹੈ। ਇਸ ਕੰਮ ਲਈ ਨਵਾਂ ਸਾਫਟਵੇਅਰ ਬਣ ਰਿਹਾ ਹੈ ਜਿਸ ਤਹਿਤ ਛੇਤੀ ਹੀ ਵਾਹਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਜਲੰਧਰ ਤੋਂ ਸ਼ੁਰੂ ਹੋਵੇਗੀ। ਇਸ ਸਾਫਟਵੇਅਰ ਦਾ ਨਾਮ ਵਾਹਨ-4 ਆਰਟੀਏ ਹੈ। ਇਸ ਸਾਫਟਵੇਅਰ ਤਹਿਤ ਹਰੇਕ ਤਰ੍ਹਾਂ ਦੇ ਡਰਾਈਵਿੰਗ ਲਾਇਸੈਂਸ ਲਰਨਿੰਗ, ਪਰਮਾਨੈਂਟ, ਰੀਨਿਊ, ਹੈਵੀ ਲਾਇਸੈਂਸ ਆਦਿ ਆਨਲਾਈਨ ਕੀਤੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਹਾਲੇ ਵਿਭਾਗ ਵੱਲੋਂ ਇਹ ਸਾਫਟਵੇਅਰ ਪਾਇਲਟ ਪ੍ਰਾਜੈਕਟ ਵਜੋਂ ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ ਤੇ ਬਠਿੰਡਾ 'ਚ ਚਲਾਇਆ ਜਾ ਰਿਹਾ ਹੈ। ਇੱਥੋਂ ਮਿਲੀ ਸਫਲਤਾ ਤੋਂ ਬਾਅਦ ਮਾਲਕ ਨੂੰ ਰਜਿਸਟ੍ਰੇਸ਼ਨ ਦੀ ਡੁਪਲੀਕੇਟ ਆਰ.ਸੀ. ਕਢਵਾਉਣ ਲਈ ਤੇ ਵਾਹਨ ਵੇਚਣ 'ਤੇ ਆਰਸੀ ਟਰਾਂਸਫਰ ਲਈ ਘਰ ਬੈਠੇ ਹੀ ਡਾਕੂਮੈਂਟ ਸਕੈਨ ਕਰ ਕੇ ਬਿਨੈ ਕਰਨਾ ਪਵੇਗਾ।

ਉੱਥੇ ਹੀ ਨਵੇਂ ਵਾਹਨਾਂ ਦੀ ਆਰਸੀ ਖ਼ੁਦ ਵਾਹਨ ਵਿਕਰੇਤਾ ਅਪਲਾਈ ਕਰਨਗੇ, ਉਹ ਹੀ ਆਰ.ਸੀ. ਵਾਹਨ ਖ਼ਰੀਦਦਾਰ ਨੂੰ ਦੇਣਗੇ। ਹਾਲੇ ਤੱਕ ਵਾਹਨਾਂ ਦੀ ਨਵੀਂ ਆਰਸੀ ਬਣਾਉਣ, ਡੁਪਲੀਕੇਟ ਕਢਵਾਉਣ ਤੇ ਟਰਾਂਸਫਰ ਕਰਨ 'ਚ ਦਲਾਲਾਂ ਦਾ ਬੋਲਬਾਲਾ ਸੀ ਪਰ ਨਵੇਂ ਸਾਫਟਵੇਅਰ 'ਚ ਇਹ ਸੰਭਵ ਨਹੀਂ ਹੋ ਸਕੇਗਾ।