ਨਵੀਂ ਦਿੱਲੀ: ਮੁਲਕ ਵਿੱਚ ਇੰਟਰਨੈੱਟ ਖਪਤਕਾਰਾਂ ਨੂੰ ਮਿਲਦੀ ਰਫ਼ਤਾਰ ਸਰਵਿਸ ਪ੍ਰੋਵਾਈਡਰਾਂ ਭਾਵ ਟੈਲੀਕੌਮ ਅਪਰੇਟਰਾਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਨਾਲੋਂ ਕਿਤੇ ਘੱਟ ਹੈ। ਇਹ ਦਾਅਵਾ ‘ਕੰਜ਼ਿਊਮਰ ਵੁਆਇਸ’ (ਖਪਤਕਾਰਾਂ ਦੀ ਆਵਾਜ਼) ਨਾਂ ਦੇ ਇਕ ਸਵੈ-ਸੇਵੀ ਐਕਸ਼ਨ ਗਰੁੱਪ ਕੀਤਾ ਹੈ। ਇਹ ਸੰਸਥਾ ਖਪਤਕਾਰਾਂ ਦੇ ਹੱਕਾਂ ਲਈ ਕੰਮ ਕਰਦਾ ਹੈ।

ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਕੌਮਾਂਤਰੀ ਪੱਧਰ ਨਾਲ ਜੇਕਰ ਰਫ਼ਤਾਰ ਦਾ ਮੁਕਾਬਲਾ ਕੀਤਾ ਜਾਵੇ ਤਾਂ ਇਹ ਸਭ ਤੋਂ ਹੇਠਲੇ ਪੱਧਰ ’ਤੇ ਹੈ। ਅਧਿਐਨ ਵਿੱਚ ਇਹ ਵੀ ਸਿੱਟਾ ਕੱਢਿਆ ਗਿਆ ਹੈ ਕਿ ਖਪਤਕਾਰ ਮਾੜੇ, ਔਸਤ ਤੇ ਚੰਗੀਆਂ ਸੇਵਾਵਾਂ ਦੀ ਗੁਣਵੱਤਾ ਨੂੰ ਪਛਾਣਨ ਵਿੱਚ ਨਾਕਾਮ ਰਹੇ ਹਨ। ‘ਕੰਜ਼ਿਊਮਰ ਵੁਆਇਸ’ ਅਕਾਦਮੀਸ਼ਨਾਂ, ਮਾਹਿਰਾਂ ਤੇ ਸਵੈਸੇਵੀਆਂ ਦਾ ਇਕ ਸਮੂਹ ਹੈ, ਜੋ ਖਪਤਕਾਰ ਮੁੱਦਿਆਂ ’ਤੇ ਕੰਮ ਕਰਦਾ ਹੈ।

ਗਰੁੱਪ ਨੇ ਇਕ ਬਿਆਨ ਵਿੱਚ ਕਿਹਾ ਅਧਿਐਨ ਤੋਂ ਸਾਫ਼ ਹੋ ਗਿਆ ਹੈ ਕਿ ਮਹਿਜ਼ ਇੰਟਰਨੈੱਟ ਸੇਵਾਵਾਂ ਦਾ ਬੰਦੋਬਸਤ ਕੀਤੇ ਜਾਣ ਨਾਲ ਨਹੀਂ ਬਲਕਿ ਮਿਆਰੀ ਸੇਵਾਵਾਂ ਦਿੱਤੇ ਜਾਣ ਨਾਲ ਮੁਲਕ ‘ਡਿਜੀਟਲ ਇੰਡੀਆ’ ਬਣੇਗਾ।