ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੀ ਜੀਓ ਕੰਪਨੀ ਨੇ ਤਿਮਾਹੀ ‘ਚ 504 ਕਰੋੜ ਦਾ ਮੁਨਾਫਾ ਕਮਾਇਆ ਹੈ। ਮੁਕੇਸ਼ ਅੰਬਾਨੀ ਦੀ ਇੰਡਸਟਰੀ ਨੇ ਇਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੰਡਸਟਰੀ ਦੀ ਇਸ ਸਫਲਤਾ ਪਿੱਛੇ ਮੋਦੀ ਸਰਕਾਰ ਦੇ ਇੱਕ ਫੈਸਲੇ ਦਾ ਬਹੁਤ ਵੱਡਾ ਹੱਥ ਹੈ।
ਸਾਲ 2017 ਵਿੱਚ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਇੰਟਰ-ਕੁਨੈਕਸ਼ਨ ਯੂਜ਼ੇਜ ਰੀਚਾਰਜ ਯਾਨੀ ਕਿ ਆਈ ਯੂ ਸੀ ਵਿੱਚ 57 ਫੀਸਦੀ ਦੀ ਕਟੌਤੀ ਕੀਤੀ ਸੀ। ਆਈ ਯੂ ਸੀ ਚਾਰਜ ‘ਚ ਹੋਈ ਕਟੌਤੀ ਕਾਰਨ ਤੀਜੀ ਤਿਮਾਹੀ ਵਿੱਚ ਜੀਓ ਨੇ 1058 ਕਰੋੜ ਰੁਪਏ ਦੀ ਬਚਤ ਕੀਤੀ ਅਤੇ ਜੀਓ ਦਾ ਆਪ੍ਰੇਟਿੰਗ ਪ੍ਰਾਫਿਟ ਨੱਬੇ ਫੀਸਦੀ ਵਧ ਗਿਆ ਅਤੇ ਕੰਪਨੀ ਨੂੰ ਤੀਜੀ ਤਿਮਾਹੀ ਵਿੱਚ 504 ਕਰੋੜ ਦਾ ਮੁਨਾਫਾ ਹੋਇਆ।
ਸਰਕਾਰ ਦੇ ਇਸ ਫੈਸਲੇ ਨਾਲ ਜੀਓ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਲਾਭ ਹੋਇਆ ਹੈ। ਟਰਾਈ ਦੇ ਇਸ ਫੈਸਲੇ ਨਾਲ ਜੀਓ ਨੇ ਆਪਣੇ 1058 ਕਰੋੜ ਰੁਪਏ ਬਚਾ ਕੇ ਲਾਭ ਹਾਸਲ ਕੀਤਾ।
ਆਈਡੀਆ, ਏਅਰਟੈਲ ਵਰਗੀਆਂ ਕੰਪਨੀਆਂ ਨੂੰ ਇਸ ਨਾਲ ਨੁਕਸਾਨ ਹੋਇਆ। ਅਜਿਹਾ ਇਸ ਕਾਰਨ ਹੋਇਆ, ਕਿਉਂਕਿ ਟਰਾਈ ਦੇ ਫੈਸਲੇ ਮੁਤਾਬਕ ਜੀਓ ਨੂੰ ਅਕਤੂਬਰ ਤੱਕ ਆਈ ਯੂ ਸੀ ਚਾਰਜ ਦੇ ਤੌਰ ‘ਤੇ ਮੋਟੀ ਰਕਮ ਅਦਾ ਕਰਨੀ ਪੈ ਰਹੀ ਸੀ, ਜਿਸ ਕਾਰਨ ਦੂਜੀਆਂ ਕੰਪਨੀਆਂ ਨੂੰ ਲਾਭ ਹੋ ਰਿਹਾ ਸੀ ਪਰ ਆਈ ਯੂ ਸੀ ਚਾਰਜ ਘਟਣ ਨਾਲ ਦੂਜੀਆਂ ਕੰਪਨੀਆਂ ਨੂੰ ਮਿਲਣ ਵਾਲਾ ਇਹ ਚਾਰਜ ਘੱਟ ਹੋ ਗਿਆ ਅਤੇ ਜੀਓ ਨੂੰ ਬਚਤ ਹੋ ਗਈ।