ਨਵੀਂ ਦਿੱਲੀ: ਪਿਛਲੇ ਹਫਤੇ ਨਿਸਾਨ ਨੇ ਐਲਾਨ ਕੀਤਾ ਸੀ ਕਿ ਉਸ ਨੇ ਜਾਪਾਨੀ ਬਾਜ਼ਾਰ 'ਚ ਹਜ਼ਾਰਾਂ ਕਾਰਾਂ ਨੂੰ ਉਤਾਰਿਆ ਹੈ ਜਿੱਥੇ ਉਨ੍ਹਾਂ ਦੀ ਪੂਰੀ ਸੁਰੱਖਿਆ ਜਾਂਚ ਨਹੀਂ ਕੀਤੀ ਗਈ ਸੀ। ਹੁਣ ਨਿਸਾਨ ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਜਾਪਾਨ ਦੇ ਬਜ਼ਾਰ ਤੋਂ 12 ਲੱਖ ਕਾਰਾਂ ਸੁਰੱਖਿਆ ਜਾਂਚ ਲਈ ਵਾਪਸ ਮੰਗਵਾ ਰਹੀ ਹੈ। ਕੰਪਨੀ ਨੇ ਕਾਰਾਂ ਮਾਰਕੀਟ 'ਚ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਆਖਰੀ ਟੈਸਟ ਨਹੀਂ ਕੀਤਾ ਸੀ। ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ 'ਚ ਜਾਪਾਨ ਦੀ ਇਸ ਵੱਡੀ ਕਾਰ ਬਣਾਉਣ ਵਾਲੀ ਕੰਪਨੀ ਦੇ ਸ਼ੇਅਰਾਂ ਦੇ ਰੇਟ ਬਹੁਤ ਡਿੱਗ ਗਏ। ਕੰਪਨੀ ਨੇ ਪਿਛਲੇ ਹਫਤੇ ਦੇ ਅਖੀਰ 'ਚ ਐਲਾਨ ਕੀਤਾ ਸੀ ਕਿ ਉਹ ਜਾਪਾਨੀ ਬਾਜ਼ਾਰ 'ਚ ਭੇਜੀਆਂ ਹਜ਼ਾਰਾਂ ਗੱਡੀਆਂ ਨੂੰ ਬਿਨਾ ਮੁਕੰਮਲ ਜਾਂਚ ਤੋਂ ਵੇਚ ਦਿੱਤਾ ਸੀ। ਸੋਮਵਾਰ ਨੂੰ ਕੰਪਨੀ ਨੇ ਕਿਹਾ ਕਿ ਅਕਤੂਬਰ 2014 ਤੋਂ ਲੈ ਕੇ ਸਤੰਬਰ 2017 ਦੇ ਵਿਚਾਲੇ ਤਿਆਰ ਕੀਤੀਆਂ ਗਈਆਂ ਤਕਰੀਬਨ 12 ਲੱਖ ਗੱਡੀਆਂ ਦੀ ਫਿਰ ਤੋਂ ਜਾਂਚ ਕੀਤੀ ਜਾਵੇਗੀ। ਕਾਰ ਕੰਪਨੀ ਨੇ ਕਿਹਾ ਕਿ ਨਿਸਾਨ ਜਾਪਾਨ 'ਚ ਮੌਜੂਦ ਅਪਣੇ ਗ੍ਰਾਹਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਦੁੱਖ ਜਤਾਉਂਦੀ ਹੈ ਤੇ ਇਸ ਪ੍ਰੇਸ਼ਾਨੀ ਲਈ ਜਲਦ ਦੀ ਵੱਡੇ ਕਦਮ ਚੁੱਕੇ ਜਾਣਗੇ।