ਨਵੀਂ ਦਿੱਲੀ: ਟੋਯੋਟਾ ਫਾਰਚਿਊਨਰ, ਫੋਰਡ ਐਨਡੇਵਰ ਅਤੇ ਪਜੈਰੋ ਸਪੋਰਟ ਨੂੰ ਟੱਕਰ ਦੇਣ ਲਈ ਨਿਸਾਨ ਜਲਦ ਹੀ ਇੱਕ ਨਵੀਂ ਐਸਯੂਵੀ ਲਿਆਉਣ ਵਾਲੀ ਹੈ। ਨਿਸਾਨ ਦੀ ਇਸ ਐਸਯੂਵੀ ਨੂੰ 'ਟੇਰਾ' ਨਾਂਅ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਚੀਨ ਵਿੱਚ ਲਾਂਚ ਕੀਤਾ ਜਾਵੇਗਾ। ਇਸ ਤੋਂ ਬਾਅਦ ਏਸ਼ੀਆ ਦੇ ਵੱਖ-ਵੱਖ ਮੁਲਕਾਂ ਵਿੱਚ ਲਾਂਚ ਕੀਤੀ ਜਾਵੇਗੀ।


ਨਿਸਾਨ ਟੇਰਾ ਨੂੰ ਕਈ ਵਾਰ ਟੈਸਟਿੰਗ ਦੌਰਾਨ ਵੇਖਿਆ ਜਾ ਚੁੱਕਿਆ ਹੈ। ਇਸ ਨੂੰ ਕੰਪਨੀ ਨੇ ਨਵੇਂ ਬਾਡੀ-ਔਨ-ਫ੍ਰੇਮ ਪਲੇਟਫਾਰਮ 'ਤੇ ਤਿਆਰ ਕੀਤਾ ਹੈ। ਇਹ ਨਿਸਾਨ ਦੇ ਪਿਕਅਪ ਟਰੱਕ ਨਵਾਰਾ 'ਤੇ ਆਧਾਰਤ ਹੈ। ਕੁਝ ਟਾਇਮ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਸ ਨੂੰ ਕੰਪਨੀ ਪੈਲਡਿਨ ਨਾਂ ਤੋਂ ਲਾਂਚ ਕਰੇਗੀ। ਹੁਣ ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਇਹ ਨਿਸਾਨ ਟੇਰਾ ਨਾਂਅ ਤੋਂ ਬਾਜ਼ਾਰ ਵਿੱਚ ਆਵੇਗੀ।

ਨਿਸਾਨ ਟੇਰਾ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਆਈ ਹੈ। ਟੋਯੋਟਾ ਫਾਰਚਿਊਨਰ ਅਤੇ ਫੋਰਡ ਐਨਡੇਵਰ ਨਾਲ ਇਸ ਦੀ ਟੱਕਰ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਵੀ ਹੋ ਸਕਦਾ ਹੈ ਕਿ ਕੰਪਨੀ ਇਸ ਨੂੰ ਭਾਰਤ ਵਿੱਚ ਅਸੈਂਬਲ ਕਰ ਕੇ ਭਾਰਤ ਵਿੱਚ ਵੇਚੇ ਅਤੇ ਕੀਮਤ ਵੀ ਇਨ੍ਹਾਂ ਗੱਡੀਆਂ ਦੇ ਬਰਾਬਰ ਹੀ ਰੱਖੇ।