ਨਵੀਂ ਦਿੱਲੀ: ਹੁਣ ਤੱਕ ਆਈਫੋਨ ਨਾਲ ਆਈਪੈਡ ਤੇ ਬਾਕੀ ਪ੍ਰੋਡਕਟਸ 'ਤੇ ਮਿਲਣ ਵਾਲੀ ਬੰਪਰ ਛੋਟ ਹੁਣ ਤੋਂ ਨਹੀਂ ਮਿਲੇਗੀ। ਐਪਲ ਇੰਡੀਆ ਦੇ ਨਵੇਂ ਮੁਖੀ ਮਿਸ਼ੇਲ ਕੋਲੰਬ ਭਾਰਤ 'ਚ ਕੰਪਨੀ ਦੀ ਸੇਲ ਰਣਨੀਤੀ 'ਚ ਬਦਲਾਅ ਕਰ ਰਹੇ ਹਨ। ਇਸ ਤਹਿਤ ਆਈਫੋਨ, ਆਈਪੈਡ ਤੇ ਮੈਕ ਦੇ ਡਿਸਟ੍ਰੀਬਿਊਸ਼ਨ 'ਚ ਬਦਲਾਅ ਕੀਤੇ ਜਾਣਗੇ।

'ਇਕਨਾਮਿਕ ਟਾਈਮਜ਼' ਦੀ ਰਿਪੋਰਟ ਮੁਤਾਬਕ ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਘੱਟ ਕੀਮਤ 'ਤੇ ਐਪਲ ਪ੍ਰੋਡਕਟਸ ਮੁਹੱਈਆ ਕਰਾਉਣ ਨਾਲ ਪਿਛਲੇ ਕੁਝ ਸਮੇਂ ਤੋਂ ਬ੍ਰਾਂਡ ਦੀ ਇਮੇਜ਼ 'ਤੇ ਇਸ ਦਾ ਅਸਰ ਪਿਆ ਹੈ।

ਐਪਲ ਦੇ ਖਾਸ ਟ੍ਰੇਡ ਪਾਰਟਨਰ ਐਗਜ਼ੀਕਿਊਟਿਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਪਲ ਇੰਡੀਆ ਦੀ ਓਪਨ ਡਿਸਟ੍ਰੀਬਿਊਸ਼ਨ ਦੇ ਕਾਰਨ ਆਫਲਾਈਨ ਟ੍ਰੇਡ ਪਾਰਟਨਰਸ 'ਚ ਕਾਫੀ ਨਰਾਜ਼ਗੀ ਸੀ। ਕਿਉਂਕਿ ਟਾਰਗੇਟ ਪੂਰਾ ਕਰਨ ਲਈ ਇਹ ਡਿਸਟ੍ਰੀਬਿਊਟਰਸ ਪ੍ਰੋਡਕਟ ਨੂੰ ਵੱਡੀ ਛੋਟ ਨਾਲ ਆਨਲਾਈਨ ਵੇਚ ਰਹੇ ਹਨ। ਤਕਰੀਬਨ ਹਰ ਦਿਨ ਆਈਫੋਨ 'ਤੇ ਐਪਲ ਦੇ ਹੋਰ ਪ੍ਰਡਕਟਸ ਤੇ ਸੇਲ 'ਤੇ ਆਫਰ ਦਿੱਤੇ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਆਏ ਦਿਨ ਮਿਲਣ ਵਾਲੀ ਛੋਟ ਨਾਲ ਐਪਲ ਅਜਿਹੇ ਬ੍ਰਾਂਡ ਦੇ ਤੌਰ 'ਤੇ ਸਥਾਪਤ ਹੋ ਰਿਹਾ ਹੈ ਜੋ ਵੱਧ ਤੋਂ ਵੱਧ ਡਿਸਕਾਊਂਟ ਦਿੰਦਾ ਹੈ। ਇਹ ਗੱਲ ਨਵੇਂ ਭਾਰਤੀ ਮੁਖੀ ਨੂੰ ਪਸੰਦ ਨਹੀਂ ਆਈ। ਦੱਸ ਦਈਏ ਕਿ ਹਾਲ ਹੀ 'ਚ ਐਮੇਜ਼ਨ ਇੰਡੀਆ, ਫਲਿਪਕਾਰਟ ਤੇ ਪੇਟੀਐਮ 'ਤੇ ਕਈ ਆਈਫੋਨ ਤੇ ਆਈਪੈਡ 'ਤੇ ਆਫਰ ਦਿੱਤਾ ਜਾ ਰਿਹਾ ਸੀ। ਇਸ ਆਫਰ 'ਚ ਗਾਹਕਾਂ ਨੂੰ 8 ਹਜ਼ਾਰ ਤੋਂ 10 ਹਜ਼ਾਰ ਤੱਕ ਦੀ ਛੋਟ ਹਾਲ ਹੀ 'ਚ ਲਾਂਚ ਕੀਤੇ ਪ੍ਰੋਡਕਟਸ 'ਤੇ ਦਿੱਤੀ ਜਾ ਰਹੀ ਸੀ।
ਹੁਣ ਵਿਕਰੀ ਦੀ ਨਵੀਂ ਰਣਨੀਤੀ ਤਹਿਤ ਭਾਰਤੀ ਯੂਜ਼ਰਜ਼ ਨੂੰ ਇਹ ਨੁਕਸਾਨ ਹੋਵੇਗਾ ਕਿ ਉਹ ਭਾਰੀ ਡਿਸਕਾਊਂਟ ਤੇ ਆਈਫੋਨ ਨਹੀਂ ਖਰੀਦ ਸਕਣਗੇ।