ਨਵੀਂ ਦਿੱਲੀ: ਮੋਬਾਈਲ ਮੇਕਰ ਐਚਐਮਡੀ ਗਲੋਬਲ ਨੇ ਮੋਬਾਈਲ ਵਰਲਡ ਕਾਂਗਰਸ 2018 ਦੀ ਸ਼ੁਰੂਆਤ ਹੁੰਦੇ ਹੀ ਆਪਣੇ ਸਭ ਤੋਂ ਸਸਤੇ ਸਮਾਰਟਫੋਨ ਨੋਕੀਆ-1 ਨੂੰ ਲਾਂਚ ਕਰ ਦਿੱਤਾ ਹੈ। ਨੋਕੀਆ-1 ਗੂਗਲ ਦੇ ਇੰਡ੍ਰਾਇਡ ਆਪ੍ਰੇਟਿੰਗ 'ਤੇ ਚੱਲਣ ਵਾਲਾ ਸਭ ਤੋਂ ਸਸਤਾ ਸਮਾਰਟਫੋਨ ਹੈ। ਗੂਗਲ ਨੇ ਇੰਡ੍ਰਾਇਡ-ਗੋ ਦਾ ਐਲਾਨ ਬੀਤੀ ਅਕਤੂਬਰ ਵਿੱਚ ਕੀਤਾ ਸੀ।

ਪਿਛਲੇ ਕਾਫੀ ਵਕਤ ਤੋਂ ਹੀ ਨੋਕੀਆ-1 ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਦਾਅਵਿਆਂ ਮੁਤਾਬਕ ਨੋਕੀਆ-1 ਨੂੰ ਘੱਟ ਕੀਮਤ 'ਤੇ ਚੰਗਾ ਇਨਡ੍ਰਾਇਡ ਵਾਲਾ ਫੋਨ ਦੱਸਿਆ ਜਾ ਰਿਹਾ ਸੀ। ਇਸ ਸਮਾਰਟਫੋਨ ਵਿੱਚ 4.5 ਇੰਚ ਦੀ ਡਿਸਪਲੇ 216 ਪੀਪੀਆਈ ਦੇ ਨਾਲ ਦਿੱਤੀ ਗਈ ਹੈ। ਸਮਾਰਟਫੋਨ ਦੀ ਬਾਡੀ ਨੂੰ ਡਿਜ਼ਾਇਨ ਕਰਨ ਲਈ ਪੌਲੀ ਕਾਰਬੋਨੇਟ ਦਾ ਇਸਤੇਮਾਲ ਕੀਤਾ ਗਿਆ ਹੈ ਜਿਹੜਾ ਕਿ ਫੋਨ ਨੂੰ ਫੜਣ ਲਈ ਚੰਗੀ ਗ੍ਰਿਪ ਦਿੰਦਾ ਹੈ।

ਸਮਾਰਟਫੋਨ ਵਿੱਚ ਇੱਕ ਜੀਬੀ ਰੈਮ ਦਿੱਤੀ ਗਈ ਹੈ। ਸਮਾਰਟਫੋਨ ਵਿੱਚ ਮੀਡੀਆਟੇਕ ਐਮਟੀ 6737 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਪ੍ਰੋਸੈਸਰ ਘੱਟ ਕੀਮਤ ਦੇ ਸਮਾਰਟਫੋਨ ਵਿੱਚ ਹੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਸਸਤੇ ਸਮਾਰਟਫੋਨ ਵਿੱਚ 5 ਮੈਗਾਪਿਕਸਲ ਦਾ ਰਿਅਰ ਕੈਮਰਾ, ਐਲਈਡੀ ਲਾਈਟ ਦੇ ਨਾਲ ਹੈ। ਸੈਲਫੀ ਵਾਸਤੇ 2 ਮੈਗਾਪਿਕਸਲ ਦਾ ਕੈਮਰਾ ਵੀ ਮੌਜੂਦ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 2150 ਐਮਏਐਚ ਦੀ ਬੈਟਰੀ ਹੈ। ਭਾਰਤ ਵਿੱਚ ਇਸ ਦੀ ਕੀਮਤ ਕਰੀਬ 5 ਹਜ਼ਾਰ ਰੁਪਏ ਹੋ ਸਕਦੀ ਹੈ। ਇਸ ਦੀ ਰਿਲੀਜ਼ ਡੇਟ ਫਿਲਹਾਲ ਸਾਹਮਣੇ ਨਹੀਂ ਆਈ ਹੈ।