ਨਵੀਂ ਦਿੱਲੀ: ਜੇਬ 'ਚੇ ਭਾਰੀ ਨਾ ਪੈਣ ਵਾਲੇ ਸਮਾਰਟਫ਼ੋਨਜ਼ ਦੀ ਸ਼੍ਰੇਣੀ ਵਿੱਚ HMD ਗਲੋਬਲ ਨੇ ਨੋਕੀਆ 2 ਜਾਰੀ ਕਰ ਦਿੱਤਾ ਹੈ। ਇਸ ਦੀ ਕੀਮਤ ਨੂੰ ਕੌਮਾਂਤਰੀ ਬਾਜ਼ਾਰ ਵਿੱਚ 99 ਯੂਰੋ ਤਕਰੀਬਨ 7000 ਰੁਪਏ ਰੱਖਿਆ ਗਿਆ ਹੈ। ਇਹ ਨੋਕੀਆ ਸਮਾਰਟਫ਼ੋਨਜ਼ ਦੇ ਸ਼ੁਰੂਆਤੀ ਮਾਡਲਾਂ ਵਿੱਚੋਂ ਇੱਕ ਹੈ। ਪੂਰੀ ਦੁਨੀਆ ਵਿੱਚ ਇਹ ਅਗਲੇ ਮਹੀਨੇ ਦੌਰਾਨ ਵਿਕਰੀ ਲਈ ਉਪਲਬਧ ਹੋ ਜਾਵੇਗਾ।


HMD ਗਲੋਬਲ ਮੁਤਾਬਕ ਇਹ ਸਮਾਰਟਫ਼ੋਨ ਬਿਹਤਰ ਬੈਟਰੀ ਲਾਈਫ਼, ਉੱਚ ਕੋਟੀ ਦੀ ਸਕਰੀਨ, 4G ਤੇ ਵਧੀਆ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ। ਇੱਕ ਸਮਾਰਟਫ਼ੋਨ ਵਿੱਚ ਇਹ ਚਾਰੇ ਪੱਖ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨੋਕੀਆ 2 ਮੈਟਲ ਫਰੇਮ ਤੇ ਕੌਰਨਿੰਗ ਗੋਰਿੱਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਹਾਲੇ ਤਾਂ ਇਸ ਸਮਾਰਟਫ਼ੋਨ ਵਿੱਚ ਐਂਡ੍ਰੌਇਡ 7.1 ਨੌਗਟ ਓ.ਐਸ. ਆਉਂਦਾ ਹੈ, ਜੋ ਐਂਡ੍ਰੌਇਡ 8.0 ਵਿੱਚ ਅੱਪਗ੍ਰੇਡ ਹੋਣ ਦੇ ਯੋਗ ਹੈ।

ਇਸ ਫ਼ੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਦੀ ਬੈਟਰੀ, ਜਿਸ ਦੀ ਸਮਰੱਥਾ 4100mAh ਸਮਰੱਥਾ ਦੀ ਬੈਟਰੀ ਦਿੱਤੀ ਜਾ ਰਹੀ ਹੈ। HMD ਗਲੋਬਲ ਦਾ ਦਾਅਵਾ ਹੈ ਕਿ ਇੱਕ ਵਾਰ ਚਾਰਜ ਕਰਨ ਤੋਂ ਬਾਅਦ ਨੋਕੀਆ 2 ਦੀ ਬੈਟਰੀ 2 ਦਿਨ ਤਕ ਚੱਲ ਸਕਦੀ ਹੈ। ਇਸ ਫ਼ੋਨ ਵਿੱਚ ਸਨੈਪਡ੍ਰੈਗਨ 212 ਪ੍ਰੋਸੈਸਰ ਤੇ 1 ਜੀ.ਬੀ. ਰੈਮ ਦਿੱਤੀ ਗਈ ਹੈ। ਤੁਹਾਡਾ ਜ਼ਰੂਰੀ ਡੇਟਾ ਸੁਰੱਖਿਅਤ ਰੱਖਣ ਲਈ ਇਸ ਫ਼ੋਨ ਵਿੱਚ 8 ਜੀ.ਬੀ. ਦੀ ਮੈਮੋਰੀ ਦਿੱਤੀ ਗਈ ਹੈ, ਜੋ 128 ਜੀ.ਬੀ. ਤਕ ਵਧਾਈ ਜਾ ਸਕਦੀ ਹੈ।

ਨੋਕੀਆ 2 ਇਸ ਕੀਮਤ ਵਾਲਾ ਅਜਿਹਾ ਪਹਿਲਾ ਸਮਾਰਟਫ਼ੋਨ ਹੈ, ਜਿਸ ਵਿੱਚ ਗੂਗਲ ਅਸਿਸਟੈਂਟ ਆਉਂਦਾ ਹੈ। ਫ਼ੋਨ ਵਿੱਚ GPS, ਵਾਈ-ਫਾਈ, ਐੱਫ.ਐੱਮ., ਆਦਿ ਸੁਵਿਧਾਵਾਂ ਵੀ ਦਿੱਤੀ ਜਾਣਗੀਆਂ। ਇਸ ਤੋਂ ਇਲਾਵਾ ਫ਼ੋਨ ਵਿੱਚ 8 ਤੇ 5 ਮੈਗਾਪਿਕਸਲ ਦੇ ਕੈਮਰੇ ਤੇ LED ਫਲੈਸ਼ ਲੱਗੀ ਹੋਈ ਹੈ।