ਨਵੀਂ ਦਿੱਲੀ: ਭਾਰਤੀ ਏਅਰਟੈਲ ਨੇ ਮੋਬਾਈਲ ਫੋਨ ਮੇਕਰ ਕੰਪਨੀ ਸੈਲਕਾਨ ਨਾਲ ਹੱਥ ਮਿਲਾ ਕੇ ਆਪਣੇ ਗਾਹਕਾਂ ਲਈ 4ਜੀ ਸਮਾਰਟਫੋਨ ਲਾਂਚ ਕੀਤਾ ਹੈ। ਇਸ ਦੀ ਕੀਮਤ 1349 ਰੁਪਏ ਹੈ। ਇਹ ਫੋਨ ਏਅਰਟੈਲ 'ਮੇਰਾ ਪਹਿਲਾ ਸਮਾਰਟਫੋਨ' ਮੁਹਿੰਮ ਦਾ ਹਿੱਸਾ ਹੈ। ਇਸ ਤਹਿਤ ਏਅਰਟੈਲ ਨੇ ਡਿਵਾਇਸ ਬਣਾਉਣ ਵਾਲੀ ਕੰਪਨੀ ਨਾਲ ਹੱਥ ਮਿਲਾ ਕੇ ਫੀਚਰ ਫੋਨ ਦੇ ਰੇਟ 'ਤੇ ਸਮਾਰਟਫੋਨ ਲਾਂਚ ਕਰਨ ਦੀ ਸਕੀਮ ਬਣਾਈ ਹੈ।
ਸੈਲਕਾਨ ਸਮਾਰਟ 4ਜੀ (ਜੋ 3500 ਰੁਪਏ 'ਚ ਮਾਰਕੀਟ 'ਚ ਮੌਜੂਦ ਹੈ) ਵਿੱਚ ਚਾਰ ਇੰਚ ਦਾ ਟਚਸਕਰੀਨ, ਡਿਊਅਲ ਸਿਮ ਸਲੌਟਸ ਤੇ ਐਫਐਮ ਰੇਡੀਆ ਹੈ। ਇਹ ਐਂਡਰਾਇਡ ਓਐਸ 'ਤੇ ਚੱਲਣ ਵਾਲਾ 4ਜੀ ਸਮਾਰਟਫੋਨ ਹੈ। ਇਸ 'ਤੇ ਗੂਗਲ ਪਲੇ ਸਟੋਰ ਦੀਆਂ ਸਾਰੀਆਂ ਸੇਵਾਵਾਂ ਵੀ ਉਪਲਬਧ ਹਨ। ਇਸ 'ਚ ਯੂਟਯੂਬ, ਫੇਸਬੁਕ ਤੇ ਵਟਸਐਪ ਵੀ ਚੱਲਣਗੇ।
ਇਹ ਡਿਵਾਇਸ ਮਾਈਏਅਰਟੈਲ ਐਪ, ਵਿੰਗ ਮਿਊਜ਼ਿਕ ਤੇ ਏਅਰਟੈਲ ਟੀਵੀ ਐਪ ਦੇ ਨਾਲ ਪ੍ਰੀਲੋਡਿਡ ਆਉਂਦਾ ਹੈ। ਏਅਰਟੈਲ ਨੇ ਇਹ ਸਮਾਰਟਫੋਨ 169 ਰੁਪਏ ਦੇ ਮਹੀਨਾਵਾਰ ਪਲਾਨ ਨਾਲ ਲਾਂਚ ਕੀਤਾ ਹੈ। ਇਸ ਤਹਿਤ ਕਾਲਿੰਗ ਤੇ ਡਾਟਾ ਵੀ ਜ਼ਿਆਦਾ ਮਿਲੇਗਾ।
ਇਹ ਆਫਰ ਲੈਣ ਲਈ ਗਾਹਕ ਨੂੰ 2849 ਰੁਪਏ ਦੇਣੇ ਪੈਣਗੇ ਤੇ ਲਗਾਤਾਰ 36 ਮਹੀਨਿਆਂ ਤੱਕ ਹਰ ਮਹੀਨੇ 169 ਰੁਪਏ ਦਾ ਰਿਚਾਰਜ ਕਰਾਉਣਾ ਹੋਵੇਗਾ। 18 ਮਹੀਨਿਆਂ ਬਾਅਦ ਗਾਹਕ ਨੂੰ 500 ਰੁਪਏ ਦਾ ਕੈਸ਼ ਰਿਫੰਡ ਮਿਲੇਗਾ ਤੇ 36 ਮਹੀਨਿਆਂ ਬਾਅਦ 1000 ਰੁਪਏ ਦਾ ਕੈਸ਼ ਰਿਫੰਡ ਮਿਲੇਗਾ। ਇਸ ਤਰ੍ਹਾਂ ਗਾਹਕ ਨੂੰ 1500 ਰੁਪਏ ਦਾ ਕੈਸ਼ਬੈਕ ਮਿਲੇਗਾ। ਇਹ ਫੋਨ ਕਸਟਮਰ ਨੂੰ 1349 ਰੁਪਏ 'ਚ ਮਿਲੇਗਾ।
ਤੁਹਾਨੂੰ ਦੱਸ ਦਈਏ ਕਿ ਏਅਰਟੈਲ ਕਾਰਬਨ ਨਾਲ ਹੱਥ ਮਿਲਾ ਕੇ ਇੱਕ ਹੋਰ ਸਸਤਾ 4ਜੀ ਸਮਾਰਟਫੋਨ ਲਾਂਚ ਕਰ ਚੁੱਕਾ ਹੈ। ਇਸ ਦੀ ਕੀਮਤ 1399 ਰੁਪਏ ਹੈ। ਏਅਰਟੈਲ-ਕਾਰਬਨ ਏ-40 ਸਮਾਰਟਫੋਨ ਖਰੀਦਣ ਲਈ ਤੁਹਾਨੂੰ ਪਹਿਲੀ ਵਾਰ 2899 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਤੁਹਾਨੂੰ ਲਗਾਤਾਰ 36 ਮਹੀਨੇ ਤੱਕ 169 ਰੁਪਏ ਦਾ ਰੀਚਾਰਜ ਕਰਵਾਉਣਾ ਪਵੇਗਾ। ਸਮਾਰਟਫੋਨ ਖਰੀਦਣ ਦੇ 18 ਮਹੀਨੇ ਬਾਅਦ 500 ਰੁਪਏ ਦਾ ਕੈਸ਼ਬੈਕ ਮਿਲੇਗਾ।