ਚੰਡੀਗੜ੍ਹ: ਨੋਕੀਆ ਪਿਉਰਵਿਊ ਨਾਲ ਸਬੰਧਤ ਕਈ ਲੀਕਸ ਸਾਹਮਣੇ ਆ ਚੁੱਕੇ ਹਨ। ਲੀਕਸ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਫੋਨ ਵਿੱਚ 7 ਕੈਮਰੇ ਦਿੱਤੇ ਜਾਣਗੇ। ਹੈਂਡਸੈੱਟ ਦੀ ਖ਼ਾਸ ਗੱਲ ਇਸ ਦਾ ਪੈਂਟਾ ਲੈਂਜ਼ ਰੀਅਰ ਕੈਮਰਾ ਸੈਟਅੱਪ ਹੈ। ਇਸ ਦੇ ਨਾਲ ਹੀ ਇਸ ਵਿੱਚ ਡੂਅਲ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਫੋਨ ਹੋਏਗਾ ਜਿਸ ਵਿੱਚ 7 ਕੈਮਰੇ ਦਿੱਤੇ ਜਾ ਰਹੇ ਹਨ।
5 ਰੀਅਰ ਕੈਮਰੇ
ਇਹ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਆਕਰਸ਼ਿਤ ਕਰੇਗੀ। ਹਾਲਾਂਕਿ ਕਿੰਨੇ ਮੈਗਾਪਿਕਸਲ ਦੇ ਕੈਮਰੇ ਦਿੱਤੇ ਜਾਣਗੇ, ਇਸ ਸਬੰਧੀ ਫਿਲਹਾਲ ਕੋਈ ਖ਼ੁਲਾਸਾ ਨਹੀਂ ਹੋਇਆ ਪਰ ਇੰਨੀ ਜਾਣਕਾਰੀ ਹੈ ਕਿ ਇਹ ਹੁਆਵੇ ਮੈਟ 20 ਪ੍ਰੋ ਤੇ ਪੀ20 ਪ੍ਰੋ ਵਾਂਗ ਹੋ ਸਕਦੇ ਹਨ।
ਡੂਅਲ ਫਰੰਟ ਫੇਸਿੰਗ ਕੈਮਰਾ
ਸੈਲਫੀ ਲਈ ਇਸ ਫੋਨ ਦੇ ਫਰੰਟ ਵਿੱਚ ਦੋ ਕੈਮਰੇ ਦਿੱਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਪੋਟਰੇਟ ਮੋਡ ਤੇ ਪਰਫਾਰਮੈਂਸ ਨੂੰ ਸੁਧਾਰਿਆ ਜਾ ਸਕਦਾ ਹੈ। ਦੱਸ ਦੇਈਏ ਕਿ ਹਾਲੇ ਤਕ ਦੁਨੀਆ ਵਿੱਚ ਕਿਸੇ ਵੀ ਫੋਨ ’ਚ 'Bothie' ਤਕਨੀਕ ਨਹੀਂ ਵਰਤੀ ਗਈ।
ਹੋਰ ਫੀਚਰਸ
ਫੋਨ ਵਿੱਚ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਹਾਲਾਂਕਿ ਕੁਝ ਰਿਪੋਰਟਾਂ ਦਾ ਦਾਅਵਾ ਹੈ ਕਿ ਲੋਕਾਂ ਨੂੰ ਲੁਭਾਉਣ ਲਈ ਕੰਪਨੀ HMD ਗਲੋਬਲ ਨੈਕਸਟ ਜੈਨਰੇਸ਼ਨ ਸਨੈਪਡ੍ਰੈਗਨ 855 SOC ਪ੍ਰੋਸੈਸਰ ਦਾ ਵੀ ਇਸਤੇਮਾਲ ਕਰ ਸਕਦੀ ਹੈ। ਕੀਮਤ ਦੀ ਗੱਲ ਕੀਤੀ ਜਾਏ ਤਾਂ ਪਿਛਲੇ ਲੀਕ ਮੁਤਾਬਕ ਨੋਕੀਆ 9 ਪਿਉਰਵਿਊ ਦੀ ਕੀਮਤ 4,799 ਯੁਆਨ (ਲਗਪਗ 50,600 ਰੁਪਏ) ਹੋ ਸਕਦੀ ਹੈ।