ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕੌਮ ਫੀਚਰ ਫੋਨ ਤੋਂ ਬਾਅਦ ਸਸਤਾ 4ਜੀ ਸਮਾਰਟਫੋਨ ਭਾਰਤ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਚੀਨ ਦੀ ਚਿੱਪਮੇਕਰ ਕੰਪਨੀ ਸਪ੍ਰੈਡਟ੍ਰਮ ਵੱਲੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸਪ੍ਰੈਡਟ੍ਰਮ ਕਮਿਊਨੀਕੇਸ਼ਨ ਤੇ ਰਿਲਾਇੰਸ ਜੀਓ ਵਿਚਾਲੇ ਹੈਂਡਸੈਟ ਸਪਲਾਈ ਲਈ ਗੱਲਬਾਤ ਚੱਲ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਪ੍ਰੈਡਟ੍ਰਮ ਨੇ ਦੱਸਿਆ ਕਿ ਜੀਓ ਸਸਤੇ ਤੋਂ ਸਸਤਾ ਸਮਾਰਟਫੋਨ ਬਣਾਉਣ 'ਚ ਲੱਗਿਆ ਹੈ। ਹੋ ਸਕਦਾ ਹੈ ਕਿ ਇਸ ਸਮਾਰਟਫੋਨ 'ਚ 4 ਇੰਚ ਦੀ ਸਕਰੀਨ ਹੋਵੇਗੀ। ਇਸ ਦੇ ਨਾਲ ਹੀ ਕੰਪਨੀ ਸਸਤੇ ਫੀਚਰ ਫੋਨ 'ਤੇ ਵੀ ਕੰਮ ਕਰ ਰਹੀ ਹੈ। ਰਿਲਾਇੰਸ ਜੀਓ ਨੇ ਅਜੇ ਤੱਕ ਇਸ ਬਾਰੇ ਕੁਝ ਜਨਤਕ ਨਹੀਂ ਕੀਤਾ। ਤੁਹਾਨੂੰ ਦੱਸ ਦਈਏ ਕਿ ਏਅਰਟੈਲ ਤੇ ਵੋਡਾਫੋਨ ਨੇ ਕਾਰਬਨ ਤੇ ਮਾਈਕ੍ਰੋਮੈਕਸ ਨਾਲ ਸਸਤੇ 4ਜੀ ਸਮਾਰਟਫੋਨ ਲਾਂਚ ਕੀਤੇ ਹਨ। ਇਸ ਤੋਂ ਬਾਅਦ ਹੀ ਜੀਓ ਦੇ ਸਮਾਰਟਫੋਨ ਦੇ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ। ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸੀ ਕਿ ਰਿਲਾਇੰਸ ਜੀਓ ਹੁਣ ਫੀਚਰਫੋਨ ਤੋਂ ਬਾਅਦ ਸਸਤੇ ਸਮਾਰਟਫੋਨ ਲਾਂਚ ਕਰ ਸਕਦਾ ਹੈ। ਇਸ ਸਾਲ ਜੁਲਾਈ 'ਚ ਹੀ ਕੰਪਨੀ ਨੇ ਦੇਸ਼ ਦਾ ਪਹਿਲਾ 4G VoLTE ਸਮਾਰਟਫੋਨ ਲਾਂਚ ਕੀਤਾ ਸੀ। ਇਸ ਦਾ ਮੁੱਲ ਵੀ ਜ਼ੀਰੋ ਸੀ। ਜਦਕਿ ਇਸ ਨੂੰ ਖਰੀਦਣ ਲਈ 1500 ਰੁਪਏ ਦੇਣੇ ਪੈਂਦੇ ਹਨ ਜੋ ਰਿਫੰਡ ਹੋ ਜਾਣਗੇ। ਇੰਟਰਨੈਟ ਐਕਸਸ ਵਾਲੇ ਇਸ ਸਮਾਰਟਫੋਨ 'ਤੇ ਫੇਸਬੁਕ, ਯੂਟਿਊਬ ਵੀ ਚੱਲਦਾ ਹੈ ਪਰ ਇਹ ਜੀਓਫੋਨ ਵਟਸਐਪ ਨੂੰ ਸਪੋਰਟ ਨਹੀਂ ਕਰਦਾ। ਇਸ ਫੋਨ ਦੀ ਪਹਿਲੀ ਰਾਉਂਡ ਦੀ ਵਿਕਰੀ ਹੋ ਚੁੱਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਲਦ ਹੀ ਕੰਪਨੀ ਇਸ ਦੀ ਮੁੜ ਤੋਂ ਪ੍ਰੀ-ਬੁਕਿੰਗ ਸ਼ੁਰੂ ਕਰੇਗੀ।