ਆਕਲੈਂਡ : ਏ. ਐੱਨ. ਜ਼ੈੱਡ. ਬੈਂਕ ਵੱਲੋਂ ਐਪਲ ਫੋਨ ਅਤੇ ਘੜੀ ਬੰਨ੍ਹ ਕੇ ਅੱਜ ਦੇ ਸਮਾਟ ਯੁੱਗ 'ਚ ਰਹਿਣ ਵਾਲੇ ਆਪਣੇ ਸਾਰੇ ਗਾਹਕਾਂ ਨੂੰ ਆਪਣੇ ਬੈਂਕ ਦੀ ਐਪ ਰਾਹੀਂ ਨਿਰਧਾਰਤ ਮੋਹਰੀ ਸਟੋਰਾਂ 'ਤੇ ਪੈਸੇ ਅਦਾ ਕਰਨ ਦਾ ਇਕ ਹੋਰ ਸਰਲ ਤਰੀਕਾ ਅੱਜ ਦਿੱਤਾ ਹੈ। ਹੁਣ ਲੋਕ ਬੀ.ਪੀ. ਪੰਪ, ਬਰਗਰ ਕਿੰਗ, ਕਾਊਂਟ ਡਾਊਨ, ਨੋਇਲ ਲੀਮਿੰਗ ਅਤੇ ਦਾ ਵੇਅਰਹਾਊਸ ਦੇ ਕੈਸ਼ ਕਾਊਂਟਰ 'ਤੇ ਜਾ ਕੇ ਆਪਣੇ ਫੋਨ ਅਤੇ ਘੜੀ ਨੂੰ ਵੇਵ (ਲਾਗੇ ਕਰਕੇ) ਪੈਸੇ ਅਦਾ ਕਰ ਸਕਦੇ ਹਨ। ਇਸ ਨੂੰ ਐਪਲ ਪੇਅ ਦਾ ਨਾਂਅ ਦਿੱਤਾ ਗਿਆ ਹੈ। ਨਿਊਜ਼ੀਲੈਂਡ ਦੇ ਕਿਸੇ ਹੋਰ ਬੈਂਕ ਨੇ ਅਜੇ ਐਪਲ ਪੇਅ ਸਰਵਿਸ ਸ਼ੁਰੂ ਨਹੀਂ ਕੀਤੀ ਹੈ। ਇਹ ਬਹੁਤ ਹੀ ਸੌਖਾ ਅਤੇ ਸੁਰੱਖਿਅਤ ਤਰੀਕਾ ਹੈ। ਸੈੱਟਅਪ ਕਰਨ ਵਾਸਤੇ ਬੈਂਕ ਦਾ ਵੀਜ਼ਾ ਡੈਬਿਟ ਜਾਂ ਨਿੱਜੀ ਯੈਡਿਟ ਕਾਰਡ ਸਕੈਨ ਕਰਨਾ ਹੋਏਗਾ। ਪੈਸੇ ਅਦਾ ਕਰਨ ਵੇਲੇ ਆਪਣਾ ਫੋਨ ਜਾਂ ਘੜੀ ਲਾਗੇ ਕਰਨੀ ਪਏਗੀ ਅਤੇ ਹੋਮ ਬਟਨ 'ਤੇ ਆਪਣੀ ਪਹਿਲਾਂ ਤੋਂ ਸੈੱਟ ਕੀਤੀ ਉਂਗਲ ਦਾ ਪੋਟਾ ਰੱਖਣਾ ਹੋਏਗਾ। ਇਸ ਤੋਂ ਬਾਅਦ ਪਾਸ ਕੋਡ ਦੱਬਦਿਆਂ ਹੀ ਪੈਸੇ ਅਦਾ ਹੋ ਜਾਣਗੇ। ਇਸ ਤਰ੍ਹਾਂ ਪੈਸੇ ਅਦਾ ਕਰਨ ਬਾਅਦ ਤੁਹਾਡਾ ਕਾਰਡ ਨੰਬਰ ਤੱਕ ਰੀਟੇਲਰ ਤੱਕ ਨਹੀਂ ਜਾਵੇਗਾ। ਜਿਸ ਏਫਟਪੋਸ ਮਸ਼ੀਨ 'ਤੇ ਵਾਈ-ਫਾਈ ਅਤੇ ਐਪਲ ਦਾ ਨਿਸ਼ਾਨ ਬਣਿਆ ਹੋਵੇਗਾ ਉਥੇ ਆਈ ਫੋਨ ਜਾਂ ਘੜੀ ਨਾਲ ਪੈਸੇ ਅਦਾ ਕੀਤੇ ਜਾ ਸਕਣਗੇ। ਇਹ ਐਪ ਆਈ. ਫੋਨ 6 ਤੋਂ ਲੈ ਕੇ ਆਈ ਫੋਨ 7 ਤੱਕ ਕੰਮ ਕਰਦੀ ਹੈ। ਐਪਲ ਵਾਚ 'ਤੇ ਵੀ ਇਹ ਐਪਲ ਸਰਵਿਸ ਕੰਮ ਕਰਦੀ ਹੈ।