ਨਵੀਂ ਦਿੱਲੀ: ਹੁਣ ਸਰਕਾਰ ਤੁਹਾਡੀ ਰਿਹਾਇਸ਼ ਤੇ ਕਾਰੋਬਾਰ ਕਰਨ ਦੀ ਜਗ੍ਹਾ ਦਾ ਡਿਜ਼ੀਟਲ ਐਡ੍ਰੈਸ ਤਿਆਰ ਕਰੇਗੀ, ਠੀਕ ਉਸ ਤਰ੍ਹਾਂ ਜਿੱਦਾਂ ਤੁਹਾਡੀ ਨਿੱਜੀ ਪਛਾਣ ਲਈ ਅਧਾਰ ਕਾਰਡ ਨੰਬਰ ਦਿੱਤਾ ਗਿਆ ਹੈ। ਇਸ ਲਈ ਸੰਚਾਰ ਮੰਤਰਾਲੇ ਨੇ ਇੱਕ ਪਾਇਲਟ ਪ੍ਰੌਜੈਕਟ ਸ਼ੁਰੂ ਕੀਤਾ ਹੈ। ਡਿਜ਼ੀਟਲ ਐਡ੍ਰੈਸ ਵਿੱਚ 6 ਅੰਕਾਂ ਦਾ ਇੱਕ ਐਡ੍ਰੈਸ ਹੋਵੇਗਾ ਜੋ ਲੋਕਾਂ ਦੇ ਪਤੇ ਦੀ ਪਛਾਣ ਬਣ ਜਾਵੇਗਾ। 'ਟਾਈਮਜ਼ ਆਫ ਇੰਡੀਆ' ਦੀ ਖ਼ਬਰ ਮੁਤਾਬਕ, ਸ਼ੁਰੂਆਤ ਵਿੱਚ ਤਿੰਨ ਪੋਸਟਰ ਕੋਡ 'ਤੇ ਇਹ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਦਿੱਲੀ ਤੇ ਦੂਜਾ ਨੋਇਡਾ ਦਾ ਹੈ। ਪੋਸਟਰ ਐਡ੍ਰੈਸ ਡਿਜ਼ੀਟਲ ਹੋਣ 'ਤੇ ਪਤਾ ਲੱਗ ਸਕੇਗਾ ਕਿ ਪ੍ਰਾਪਰਟੀ ਕਿਸ ਦੇ ਨਾਮ ਹੈ। ਉਸ ਦਾ ਟੈਕਸ ਰਿਕਾਰਡ ਵੀ ਦੇਖਿਆ ਜਾ ਸਕੇਗਾ ਤੇ ਇਹ ਵੀ ਪਤਾ ਲੱਗ ਸਕੇਗਾ ਕਿ ਉਸ ਪ੍ਰਾਪਰਟੀ ਤੇ ਬਿਜਲੀ-ਪਾਣੀ ਤੇ ਗੈਸ ਕਨੈਕਸ਼ਨ ਹੈ ਜਾਂ ਨਹੀਂ। ਸਰਕਾਰ ਇਹ ਕੰਮ "ਮੈਪ ਮਾਈ ਇੰਡੀਆ" ਨਾਮ ਦੀ ਕੰਪਨੀ ਨਾਲ ਮਿਲ ਕੇ ਕਰ ਰਹੀ ਹੈ। ਕਿਵੇਂ ਦਾ ਹੋਵੇਗਾ ਡਿਜੀਟਲ ਐਡ੍ਰੈਸ: ਮੰਨੋ ਕਿ ਕਿਸੇ ਦਾ ਐਡ੍ਰੈਸ 147, ਪਾਕੇਟ XX, 2A, ਜਨਕਪੁਰੀ ਹੈ ਤਾਂ ਇਸ ਦਾ ਡਿਜੀਟਲ ਐਡ੍ਰੈਸ 8GDTYX ਕੁਝ ਇਸ ਤਰ੍ਹਾਂ ਹੋਵੇਗਾ ਜੋ ਕਾਫੀ ਛੋਟਾ ਤੇ ਸਰਲ ਹੋਵੇਗਾ। ਮੈਪ ਮਾਈ ਇੰਡੀਆ ਇਸ ਕੰਮ ਲਈ ਇਸਰੋ ਤੇ ਨੈਸ਼ਨਲ ਸੈਟੇਲਾਈਟ ਇਮੇਜਰੀ ਸਰਵਿਸ "ਭੁਵਨ" ਦੀ ਮਦਦ ਲੈ ਰਹੀ ਹੈ।