ਨਵੀਂ ਦਿੱਲੀ: ਚੀਨੀ ਸਮਾਰਟਫ਼ੋਨ ਕੰਪਨੀ ਵਨਪਲੱਸ ਨੇ ਆਪਣਾ ਮੋਸਟ ਅਵੇਟਿਡ ਫ਼ੋਨ ਵਨਪਲੱਸ 6 ਨੂੰ ਪੂਰੀ ਦੁਨੀਆ ਵਿੱਚ ਜਾਰੀ ਕਰ ਦਿੱਤਾ ਹੈ। ਇਸ ਨਵੇਂ ਫ਼ੋਨ ਦੇ ਬਾਕੀਆਂ ਨਾਲੋਂ ਖਾਸ ਹੋਣ ਲਈ ਲੇਟੈਸਟ ਪ੍ਰੋਸੈਸਰ ਤੋਂ ਲੈ ਕੇ ਆਈਫ਼ੋਨ ਐਕਸ ਵਰਗੇ ਨੌਚ ਸਕਰੀਨ ਦੇ ਨਾਲ-ਨਾਲ ਡੈਸ਼ ਚਾਰਜਿੰਗ ਤੇ ਆਕਰਸ਼ਕ ਕੀਮਤ ਵਰਗੇ ਕਈ ਮਜ਼ਬੂਤ ਪੱਖ ਹਨ, ਜੋ ਇਸ ਨੂੰ ਇਸ ਦੇ ਵਿਰੋਧੀਆਂ ਨਾਲੋਂ ਨਿਖੇੜਦੇ ਹਨ। ਆਓ ਤੁਹਾਨੂੰ ਵਨਪਲੱਸ 6, ਸੈਮਸੰਗ ਗੈਲਕਸੀ ਐਸ 9 ਪਲੱਸ ਤੇ ਆਈਫ਼ੋਨ ਐਕਸ ਦੇ ਵੱਖ-ਵੱਖ ਪਹਿਲੂਆਂ ਨਾਲ ਜਾਣੂੰ ਕਰਵਾਉਂਦੇ ਹਾਂ।


 

ਡਿਸਪਲੇਅ-

ਵਨਪਲੱਸ 6 ਵਿੱਚ 6.28 ਦੀ ਫੁੱਲ ਐਚਡੀ ਐਮਓਐਲਈਡੀ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2260 ਪਿਕਸਲਜ਼ ਹੈ। ਵਧੇਰੇ ਮਜ਼ਬੂਤੀ ਲਈ ਇਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਵੀ ਲੱਗਾ ਹੋਇਆ ਹੈ ਤੇ ਸਕ੍ਰੀਨ ਦਾ ਆਸਪੈਕਟ ਰੇਸ਼ੋ ਵੀ 19:9 ਹੈ। ਉੱਧਰ ਸੈਮਸੰਗ ਗੈਲਕਸੀ ਐਸ 9+ ਵਿੱਚ QHD+ ਕਰਵਡ ਸੁਪਰ ਐਮਓਐਲਈਡੀ ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 1440x2960 ਪਿਕਸਲਜ਼ ਹੈ। ਜਦਕਿ, ਐਪਲ ਆਈਫ਼ੋਨ ਐਕਸ ਵਿੱਚ 5.8 ਇੰਚ ਦਾ ਰੇਟਿਨਾ ਡਿਸਪਲੇਅ ਹੈ ਜੋ 1125x2436 ਪਿਕਸਜ਼ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ, ਜਿਸ ਦਾ ਆਸਪੈਕਟ ਰੇਸ਼ੋ 19.5:9 ਹੈ।

ਆਪ੍ਰੇਟਿੰਗ ਸਿਸਟਮ-

ਤਿੰਨੋ ਫ਼ੋਨ ਵੱਖੋ-ਵੱਖ ਆਪ੍ਰੇਟਿੰਗ ਸਿਸਟਮ 'ਤੇ ਚੱਲਦੇ ਹਨ। ਵਨਪਲੱਸ 6 ਤੇ ਸੈਮਸੰਗ ਗੈਲਕਸੀ ਐਸ 9 ਪਲੱਸ ਦੋਵੇਂ ਐਂਡ੍ਰੌਇਡ ਓਰੀਓ 8.0 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ। ਆਈਫ਼ੋਨ ਐਕਸ ਆਈਓਐਸ 11.2 ਆਪ੍ਰੇਟਿੰਗ ਸਿਸਟਮ 'ਤੇ ਚੱਲਣ ਵਾਲਾ ਫ਼ੋਨ ਹੈ।

ਪ੍ਰੋਸੈੱਸਰ- 

ਵਨਪਲੱਸ 6 ਦੋ ਰੈਮ ਵਿਕਲਪ ਯਾਨੀ 6GB/8GB ਨਾਲ ਆਉਂਦਾ ਹੈ, ਜਦਕਿ ਇੰਟਰਨਲ ਸਟੋਰੇਜ 64GB/128GB/256GB ਦੇ ਵਿਕਲਪ ਆਉਂਦੇ ਹਨ। ਸੈਮਸੰਗ ਗੈਲਕਸੀ ਐਸ 9+ ਵਿੱਚ 6 ਜੀਬੀ ਰੈਮ ਤੇ 64GB/128GB/256GB ਇੰਟਰਨਲ ਸਟੋਰੇਜ ਦੇ ਵਿਕਲਪ ਆਉਂਦੇ ਹਨ। ਆਈਫ਼ੋਨ ਐਕਸ ਵਿੱਚ 3 ਜੀਬੀ ਰੈਮ ਤੇ 64GB/256GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।

ਕੈਮਰਾ- 

ਤਿੰਨੋ ਸਮਾਰਟਫ਼ੋਨ ਦੁਵੱਲੇ ਮੁੱਖ ਕੈਮਰਾ ਵਿਕਲਪ ਨਾਲ ਆਉਂਦੇ ਹਨ। ਵਨਪਲੱਸ 6 ਵਿੱਚ 16+20 ਮੈਗਾਪਿਕਸਲ ਮੁੱਖ ਕੈਮਰੇ ਹਨ ਜਿਨ੍ਹਾਂ ਦਾ ਐਪਰਚਰ 1.7 ਹੈ ਤੇ ਸਾਹਮਣੇ ਵਾਲਾ ਕੈਮਰਾ 16 ਮੈਗਾਪਿਕਸਲ ਦਾ ਹੈ, ਜੋ 2.0 ਅਪਰਚਰ ਦੇ ਨਾਲ ਸਥਾਈ ਫੋਕਸ ਵਾਲਾ ਕੈਮਰਾ ਹੈ। ਸੈਮਸੰਗ ਗੈਲੇਕਸੀ ਐਸ 9+ ਵਿੱਚ ਦੋ 12 ਮੈਗਾਪਿਕਸਲ ਦੇ ਮੁੱਖ ਕੈਮਰੇ ਤੇ ਫਰੰਟ 8 ਮੈਗਾਪਿਕਸਲ ਦਾ ਸੈਂਸਰ ਹੈ। ਐਪਲ ਆਈਫ਼ੋਨ ਐਕਸ ਵਿੱਚ 12 ਮੈਗਾਪਿਕਸਲ ਦੇ ਦੋ ਸੈਂਸਰ ਤੇ 7 ਮੈਗਾਪਿਕਸਲ ਦਾ ਫਰੰਟ 7 ਮੈਗਾਪਿਕਸਲ ਦਾ ਫੇਸਟਾਈਮ ਐਚਡੀ ਕੈਮਰਾ ਹੈ, ਜੋ ਯੂਜ਼ਰਜ਼ ਨੂੰ ਵੀਡੀਓ ਕਾਲਿੰਗ ਦੌਰਾਨ ਮਦਦ ਕਰਦਾ ਹੈ। ਸਾਰੇ ਫ਼ੋਨਾਂ ਦੇ ਕੈਮਰਿਆਂ ਵਿੱਚ ਸਟੇਬਲਾਈਜ਼ੇਸ਼ਨ ਦੀ ਵਿਸ਼ੇਸ਼ ਆਪਸ਼ਨ ਵੀ ਦਿੱਤੀ ਗਈ ਹੈ।

ਬੈਟਰੀ-

ਵਨਪਲੱਸ 6 ਵਿੱਚ 3300 mAh ਦੀ ਬੈਟਰੀ ਦਿੱਤੀ ਗਈ ਹੈ। ਉੱਥੇ ਹੀ ਸੈਮਸੰਗ ਗੈਲੇਕਸੀ ਐਸ 9 ਪਲੱਸ 3500 mAh ਦੀ ਬੈਟਰੀ ਨਾਲ ਆਉਂਦਾ ਹੈ। ਐਪਲ ਆਈਫ਼ੋਨ ਵਿੱਚ ਸਭ ਤੋਂ ਘੱਟ 2716 mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਵਿੱਚ ਤਾਰ ਰਹਿਤ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ।

ਕੀਮਤ-

ਬੇਸ਼ੱਕ ਬਾਕੀ ਮਾਮਲਿਆਂ ਵਿੱਚ ਵਨਪਲੱਸ ਕਿਸੇ ਹੋਰ ਫ਼ੋਨ ਤੋਂ ਅੱਗੇ ਨਾ ਨਿੱਕਲੇ ਪਰ ਕੀਮਤ ਵਾਲੇ ਪੱਖ ਤੋਂ ਇਸ ਦਾ ਕੋਈ ਸਾਨੀ ਨਹੀਂ। ਵਨ ਪਲੱਸ 6 ਦੀ ਕੀਮਤ 34,999 ਰੁਪਏ ਤੋਂ ਸ਼ੁਰੂ ਹੈ। ਉੱਥੇ ਹੀ ਸੈਮਸੰਗ ਗੈਲਕਸੀ ਐਸ 9 ਪਲੱਸ ਤੇ ਆਈਫ਼ੋਨ ਐਕਸ ਦਾ ਅੱਜ-ਕੱਲ੍ਹ ਦਾ ਮੁੱਲ ਕ੍ਰਮਵਾਰ 61,799 ਤੇ 83,999 ਰੁਪਏ ਹੈ। ਵਨਪਲੱਸ 6 ਦੀ ਵਿਕਰੀ 22 ਮਈ ਤੋਂ ਅਮੇਜ਼ਨ ਤੋਂ ਸ਼ੁਰੂ ਹੋ ਜਾਵੇਗੀ।