ਚੰਡੀਗੜ੍ਹ: OnePlus 6 ਸਾਲ 2018 ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸਮਾਰਟਫ਼ੋਨ ਹੈ। ਲਾਂਚ ਤੋਂ ਪਹਿਲਾਂ ਇਸ ਦੀਆਂ ਕਾਫ਼ੀ ਰਿਪੋਰਟਾਂ ਤੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਤਾਜ਼ਾ ਲੀਕ ਹੋਈ ਤਸਵੀਰ ਵਿੱਚ OnePlus 6 ਫੁੱਲ ਵਿਊ ਡਿਸਪਲੇਅ ਨਜ਼ਰ ਆ ਰਿਹਾ ਹੈ। ਇਹ ਪਤਲੇ ਬੇਜ਼ਲਜ਼ ਨਾਲ ਆਵੇਗਾ। ਇਸ ਵਿੱਚ ਆਈਫ਼ੋਨ X ਵਾਂਗ ਨੌਚ ਵੀ ਲਾਇਆ ਗਿਆ ਹੈ। ਕੰਪਨੀ CEO ਪੇਟੇ ਲਾਊ ਨੇ ਖ਼ੁਦ ਨੌਚ ਦੀ ਵਿਸ਼ੇਸ਼ਤਾ ਬਾਰੇ ਦੱਸਿਆ ਹੈ। ਖ਼ਾਸ ਗੱਲ ਇਹ ਹੋਵੇਗੀ ਕਿ ਇਸ ਦੇ ਨੌਚ ਨੂੰ ਲੁਕਾਇਆ ਵੀ ਜਾ ਸਕਦਾ ਹੈ। ਇਸ ਲੀਕ ਫੋਟੋ ਵਿੱਚ OnePlus 6 ਦੀ ਗਲਾਸ ਬਾਡੀ ਨਜ਼ਰ ਆ ਰਹੀ ਹੈ।
OnePlus 6 ਅਗਲੇ ਮਹੀਨੇ 17 ਮਈ ਨੂੰ ਲਾਂਚ ਹੋਵੇਗਾ। ਕੰਪਨੀ ਨੇ ਆਪਣੀ ਚੀਨੀ ਵੈਬਸਾਈਟ ’ਤੇ ਇਸ ਫ਼ੋਨ ਦਾ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿੱਚ ਫ਼ੋਨ ਦੇ ਲਾਂਚ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ OnePlus 6 ਤਿੰਨ ਰੰਗਾਂ (ਸਫ਼ੈਦ, ਕਾਲ਼ਾ ਤੇ ਨੀਲਾ) ਦੇ ਵੇਰੀਐਂਟ ਵਿੱਚ ਆ ਸਕਦਾ ਹੈ। ਇਹ ਐੱਜ ਟੂ ਐੱਜ ਸਕਰੀਨ ਤੇ ਨੌਚ ਵਰਗੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਵਿੱਚ ਆਈਫੋਨ X ਵਾਂਗੂ ਜੈਸਚਰ ਕੰਟਰੋਲ ਸਪੋਰਟ ਫ਼ੀਚਰ ਵੀ ਹੋ ਸਕਦਾ ਹੈ।
ਫ਼ੋਨ ਵਿੱਚ ਸਨੈਪਡਰੈਗਨ 845 SoC, 8 GB ਰੈਮ ਤੇ 256 GB ਦੀ ਸਟੋਰੇਜ ਹੋਵੇਗੀ। ਇਸ ਦਾ ਐਵੇਂਜਰਸ ਥੀਮ ਵਾਲਾ ਮਾਡਲ ਲਾਂਚ ਕੀਤਾ ਜਾ ਸਕਦਾ ਹੈ। ਐਲਈਡੀ ਫਲੈਸ਼ ਨਾਲ ਵਰਟੀਕਲ ਡੂਅਲ ਕੈਮਰਾ ਤੇ ਫਿੰਗਰਪ੍ਰਿੰਟ ਸੈਂਸਰ ਵਰਗੇ ਫ਼ੀਚਰ ਇਸ ਨੂੰ ਹੋਰ ਵੀ ਦਿਲ ਖਿੱਚਵਾਂ ਬਣਾਉਣਗੇ।