ਨਵੀਂ ਦਿੱਲੀ: ਇਹ ਤਾਂ ਸਭ ਨੂੰ ਪਤਾ ਹੈ ਕਿ ਵਨਪਲੱਸ ਆਪਣਾ ਪਹਿਲਾ 5ਜੀ ਫੋਨ 2019 ‘ਚ ਲੌਂਚ ਕਰੇਗਾ ਤੇ ਇਹ ਫੋਨ ਵਨਪਲਸ 7 ਹੋ ਸਕਦਾ ਹੈ। ਅਜੇ ਤਕ ਫੋਨ ਦੀ ਕੁਝ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਹਾਲ ਹੀ ‘ਚ ਟਵਿਟਰ ‘ਤੇ ਪੋਸਟ ‘ਚ ਫੋਟੋ ਸ਼ੇਅਰ ਕੀਤੀ ਗਈ ਹੈ ਜਿਸ ‘ਚ ਫੋਨ ਦੇ ਡਿਜ਼ਾਈਨ ਦਾ ਖ਼ੁਲਾਸਾ ਹੋਇਆ ਹੈ।

ਲੀਕ ਤਸਵੀਰ ਨੂੰ ਟਿਪਸਟਰ ਇਸ਼ਾਨ ਅਗਰਵਾਲ ਨੇ ਆਪਣੇ ਟਵਿਟਰ ‘ਤੇ ਸ਼ੇਅਰ ਕੀਤਾ ਹੈ ਜਿੱਥੇ ਵਨਪਲਸ ਦੇ ਦੋ ਅਧਿਕਾਰੀ ਆਪਸ ‘ਚ ਗੱਲ ਕਰ ਰਹੇ ਹਨ, ਉਨ੍ਹਾਂ ‘ਚ ਇੱਕ ਕੰਪਨੀ ਦੇ ਸੀਈਓ ਪਿੱਟ ਲਾਊ ਹਨ। ਜਦਕਿ ਫੋਟੋ ‘ਚ ਜਿਸ ਫੋਨ ਨੂੰ ਦਿਖਾਇਆ ਗਿਆ ਹੈ, ਉਸ ਨੂੰ ਲੈ ਕੇ ਗੱਲਾਂ ਹੋ ਰਹੀਆਂ ਹਨ ਕਿ ਫੋਨ ਵਨਪਲੱਸ 7 ਹੋ ਸਕਦਾ ਹੈ।


ਤਸਵੀਰ ‘ਚ ਇੱਕ ਫੋਨ ਨੂੰ ਸਕਰੀਨ ‘ਤੇ ਦਿਖਾਇਆ ਗਿਆ ਹੈ ਤਾਂ ਉੱਥੇ ਹੀ ਦੂਜਾ ਫੋਨ ਪਿੱਟ ਲਾਊ ਦੇ ਹੱਥ ‘ਚ ਹੈ। ਫੋਨ ਦਾ ਫਰੰਟ ਇਸ ‘ਚ ਨਜ਼ਰ ਨਹੀਂ ਆ ਰਿਹਾ। ਕਿਹਾ ਜਾ ਰਿਹਾ ਹੈ ਕਿ ਡਿਜ਼ਾਈਨ ‘ਚ ਦੋਵੇਂ ਰਿਅਰ ਕੈਮਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਮਰੇ ਦੇ ਡਿਜ਼ਾਇਨ ਮੋਟੋਰੋਲਾ ਫੋਨ ਜਿਹੇ ਹੀ ਹਨ।

ਜੇਕਰ ਤਸਵੀਰ ‘ਚ ਨਜ਼ਰ ਆਉਣ ਵਾਲਾ ਫੋਨ ਵਨਪਲੱਸ 7 ਹੀ ਹੈ ਤਾਂ ਇਹ ਮੁਮਕਿਨ ਹੈ ਕਿ ਕੰਪਨੀ ਆਪਣੇ ਇਸ ਸਮਾਰਟਫੋਨ ‘ਚ ਕੈਮਰੇ ‘ਤੇ ਜ਼ਿਆਦਾ ਫੋਕਸ ਕਰ ਰਹੀ ਹੈ। ਸਾਹਮਣੇ ਆਈ ਤਸਵੀਰ ਮੀਟਿੰਗ ਦੀ ਹੈ ਜਿਸ ‘ਚ ਟੀਮ ਦੇ ਮੈਂਬਰ ਹਨ। ਹੋ ਸਕਦਾ ਹੈ ਕਿ ਇਸ ਨੂੰ ਟੀਮ ਦੇ ਕਿਸੇ ਮੈਂਬਰ ਨੇ ਹੀ ਲੀਕ ਕੀਤਾ ਹੋਣਾ, ਜਿਸ ‘ਤੇ ਕਾਰਵਾਈ ਵੀ ਹੋ ਸਕਦੀ ਹੈ।