ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ
ਏਬੀਪੀ ਸਾਂਝਾ | 21 Jan 2018 05:15 PM (IST)
ਨਵੀਂ ਦਿੱਲੀ: ਵਨ ਪਲੱਸ ਦੇ ਗਾਹਕਾਂ ਦੇ ਕ੍ਰੈਡਿਟ ਕਾਰਡ ਨਾਲ ਫਰੌਡ ਟ੍ਰਾਂਜੈਕਸ਼ਨ ਦੀ ਕੋਸ਼ਿਸ਼ ਤੋਂ ਬਾਅਦ ਹੁਣ ਕੰਪਨੀ ਨੇ ਦੱਸਿਆ ਹੈ ਕਿ ਵਨ ਪਲੱਸ ਦੇ ਤਕਰੀਬਨ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਨੂੰ ਹੈਕ ਕਰਕੇ ਉਸ ਨਾਲ ਫਰੌਡ ਟ੍ਰਾਂਜੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੰਪਨੀ ਨੇ ਆਪਣੀ ਜਾਂਚ ਪੂਰੀ ਹੋਣ ਮਗਰੋਂ ਇਸ ਘਟਨਾ ਬਾਰੇ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸਾਡੇ ਸਿਸਟਮ 'ਤੇ ਸਾਈਬਰ ਅਟੈਕ ਹੋਇਆ ਤੇ ਸਾਡੇ ਪੇਮੈਂਟ ਪੇਜ 'ਤੇ ਸਕ੍ਰਿਪਟ ਜੋੜ ਦਿੱਤੀ ਗਈ। ਇਸ ਨਾਲ ਗਾਹਕਾਂ ਦੇ ਕ੍ਰੈਡਿਟ ਕਾਰਡ ਨਾਲ ਜੁੜਿਆ ਡੇਟਾ ਚੋਰੀ ਕਰ ਲਿਆ ਗਿਆ। ਕੰਪਨੀ ਨੇ ਦੱਸਿਆ ਕਿ ਜਿਸ ਯੂਜ਼ਰ ਨੇ ਵੈੱਬਸਾਈਟ 'ਤੇ ਨਵੰਬਰ ਤੋਂ ਲੈ ਕੇ 11 ਜਨਵਰੀ ਤੱਕ ਕ੍ਰੈਡਿਟ ਕਾਰਡ ਨਾਲ ਮੋਬਾਈਲ ਖ਼ਰੀਦਿਆ, ਉਨ੍ਹਾਂ ਦੇ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੰਪਨੀ ਨੇ ਕਿਹਾ ਕਿ ਇਹ ਜੋ ਵੀ ਹੋਇਆ, ਇਸ ਲਈ ਅਸੀਂ ਮੁਆਫ਼ੀ ਮੰਗਦੇ ਹਾਂ। ਪਿਛਲੇ ਹਫ਼ਤੇ ਕਈ ਵਨ ਪਲੱਸ ਗਾਹਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਮੋਬਾਈਲ ਦੀ ਪੇਮੈਂਟ ਕਰਨ ਤੋਂ ਬਾਅਦ ਉਨ੍ਹਾਂ ਦੇ ਫ਼ੋਨ ਨਾਲ ਛੇੜਛਾੜ ਕੀਤੀ ਗਈ। ਵਨ ਪਲੱਸ ਫੋਰਮ 'ਤੇ ਕਰੀਬ 70 ਗਾਹਕਾਂ ਨੇ ਅਜਿਹੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਇਸ ਦੀ ਜਾਂਚ ਕੀਤੀ ਤੇ ਮੁਆਫ਼ੀ ਮੰਗੀ।