ਨਵੀਂ ਦਿੱਲੀ: ਵਨਪਲੱਸ ਨੇ ਆਪਣੇ ਯੂਜ਼ਰਜ਼ ਨੂੰ ਓਟੀਏ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਸ 'ਚ ਵਨਪਲੱਸ 6, ਵਨਪਲੱਸ 5, 5T, 3 ਤੇ 3T ਸ਼ਾਮਲ ਹਨ। ਕੰਪਨੀ ਨੇ ਕਿਹਾ ਸੀ ਕਿ ਅਪਡੇਟ ਤੋਂ ਬਾਅਦ ਇਨ੍ਹਾਂ ਸਮਾਰਟਫੋਨਾਂ 'ਚ ਕਾਫੀ ਬਗਜ਼ ਨੂੰ ਫਿਕਸ ਕੀਤਾ ਜਾਵੇਗਾ ਤੇ ਨਾਲ ਹੀ ਕਈ ਫੀਚਰਜ਼ 'ਚ ਵੀ ਸੁਧਾਰ ਕੀਤਾ ਜਾਵੇਗਾ।
ਪਰ ਅਪਡੇਟ ਤੋਂ ਬਾਅਦ ਕਈ ਯੂਜ਼ਰਜ਼ ਨੇ ਇਸ ਗੱਲ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ ਕਿ ਅਪਡੇਟ ਤੋਂ ਬਾਅਦ ਵਨਪਲੱਸ 6 ਦੀ ਬੈਟਰੀ ਛੇਤੀ ਖਤਮ ਹੋ ਰਹੀ ਹੈ। ਇਹ ਦਿੱਕਤ ਉਸ ਵੇਲੇ ਸਾਹਮਣੇ ਆਈ ਜਦੋਂ ਆਕਸੀਜਨ ਓਐਸ 5.1.6 ਤੇ 5.1.8 'ਤੇ ਫੋਨ ਨੂੰ ਅਪਡੇਟ ਕੀਤਾ ਗਿਆ।
ਇੱਕ ਹੋਰ ਦਿੱਕਤ ਜੋ ਵਨਪਲੱਸ 6 'ਚ ਆ ਰਹੀ ਹੈ ਕਿ ਫੋਨ 'ਚ 50 ਪ੍ਰਤੀਸ਼ਤ ਬੈਟਰੀ ਹੋਣ ਦੇ ਬਾਵਜੂਦ ਫੋਨ ਬੰਦ ਹੋਈ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਮਰਾ ਫ੍ਰੀਜਿੰਗ ਦੀ ਵੀ ਸਮੱਸਿਆ ਆ ਰਹੀ ਹੈ।
'ਵਨਪਲੱਸ 6' ਤੋਂ ਇਲਾਵਾ 'ਵਨਪਲੱਸ 3' ਤੇ 'ਵਨਪਲੱਸ 3 ਟੀ' 'ਚ ਵੀ ਬੈਟਰੀ ਨੂੰ ਲੈ ਕੇ ਦਿੱਕਤ ਆ ਰਹੀ ਹੈ। ਇਹ ਫੋਨ 15 ਪ੍ਰਤੀਸ਼ਤ ਦੀ ਬੈਟਰੀ ਹੋਣ ਦੇ ਬਾਵਜੂਦ ਆਪਣੇ ਆਪ ਬੰਦ ਹੋ ਰਿਹਾ ਹੈ।
ਦੱਸ ਦਈਏ ਕਿ ਵਨਪਲੱਸ ਨੇ ਅਜੇ ਤੱਕ ਇਸ 'ਤੇ ਕੋਈ ਕਦਮ ਨਹੀਂ ਚੁੱਕਿਆ ਪਰ ਆਉਣ ਵਾਲੇ ਸਮੇਂ 'ਚ ਕੰਪਨੀ ਬੈਟਰੀ ਨੂੰ ਲੈਕੇ ਕੋਈ ਐਕਸ਼ਨ ਲੈ ਸਕਦੀ ਹੈ।