ਨਵੀਂ ਦਿੱਲੀ: ਡਿਜ਼ੀਟਲ ਢੰਗ ਨਾਲ ਰਾਖਵੀਆਂ ਟਿਕਟਾਂ ਦੀ ਗਿਣਤੀ ਵਿੱਚ 12 ਫੀਸਦੀ ਦੇ ਵਾਧੇ ਤੋਂ ਬਾਅਦ ਰੇਲਵੇ ਦਾ ਕਹਿਣਾ ਹੈ ਕਿ ਯਾਤਰੀ ਹੁਣ "ਭੀਮ" ਐਪ ਰਾਹੀਂ ਵੀ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਦੇ ਹਨ। ਰੇਲਵੇ ਬੋਰਡ ਦੇ ਮੈਂਬਰ ਮੁਹੰਮਦ ਜਮਸ਼ੇਦ ਨੇ ਕਿਹਾ ਕਿ ਟਿਕਟ ਖਰੀਦਾਰ ਕੱਲ੍ਹ ਤੋਂ ਭਾਰਤ ਇੰਟਰਫੇਸ ਫਾਰ ਮਨੀ (ਭੀਮ) ਦੀ ਵਰਤੋਂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਪਹਿਲਾਂ ਕਰੀਬ 58 ਫੀਸਦੀ ਰਾਖਵੀਆਂ ਟਿਕਟਾਂ ਆਨਲਾਈਨ ਬੁੱਕ ਹੁੰਦੀਆਂ ਸਨ। ਅਕਤੂਬਰ 2016 ਤੋਂ ਬਾਅਦ ਇਹ ਗਿਣਤੀ ਵਧ ਕੇ 70 ਫੀਸਦੀ ਹੋ ਗਈ ਹੈ। ਜਮਸ਼ੇਦ ਨੇ ਕਿਹਾ ਕਿ ਰਾਖਵੀਆਂ ਟਿਕਟਾਂ ਦੀ ਸ਼੍ਰੇਣੀ ਵਿੱਚ ਤਕਰੀਬਨ ਤਿੰਨ ਤੋਂ ਪੰਜ ਕਰੋੜ ਲੋਕ ਈ-ਟਿਕਟ ਜ਼ਰੀਏ ਡਿਜੀਟਲ ਲੈਣ-ਦੇਣ ਵੱਲ ਵਧੇ ਹਨ। ਕਾਊਂਟਰਾਂ 'ਤੇ ਤਕਰੀਬਨ 30 ਫੀਸਦੀ ਯਾਤਰੀ ਰਾਖਵੀਆਂ ਟਿਕਟਾਂ ਖਰੀਦਦੇ ਹਨ।
ਜਮਸ਼ੇਦ ਨੇ ਕਿਹਾ, "ਅਸੀਂ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਲਈ ਕਈ ਸਵਾਈਪਿੰਗ ਮਸ਼ੀਨਾਂ ਵੀ ਲਾਈਆਂ ਹਨ। ਕਾਰਡ ਜਾਂ ਨਕਦੀ ਨਾਲ ਲੈ ਕੇ ਨਾਂ ਚੱਲਣ ਵਾਲੇ ਯਾਤਰੀਆਂ ਦੀ ਵੀ ਰੇਲਵੇ ਮਦਦ ਕਰਨਾ ਚਾਹੁੰਦਾ ਸੀ। ਇਸ ਲਈ ਅਸੀਂ ਕੱਲ੍ਹ ਤੋਂ ਯੂਪੀਆਈ ਦੀ ਸ਼ੁਰੂਆਤ ਕਰ ਰਹੇ ਹਾਂ। ਯਾਤਰੀ ਆਪਣੇ ਫੋਨਾਂ ਰਾਹੀਂ ਮੋਬਾਈਲ ਫੋਨ ਨਾਲ ਕਾਊਂਟਰ ਤੇ ਜਾ ਸਕਦੇ ਹਨ ਤੇ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਹਨ।"