ਨਵੀਂ ਦਿੱਲੀ: ਸੈਮਸੰਗ ਇੰਡੀਆ ਨੇ ਵੀਰਵਾਰ ਨੂੰ ਆਪਣੇ ਮੋਬਾਈਲ ਭੁਗਤਾਨ ਸੇਵਾ ਸੈਮਸੰਗ ਪੇ ਵਿੱਚ ਬਿੱਲ ਭੁਗਤਾਨ ਫੀਚਰ ਐਡ ਕਰਨ ਦਾ ਐਲਾਨ ਕੀਤਾ ਹੈ। ਗਾਹਕ ਹੁਣ ਆਪਣੇ ਮੋਬਾਈਲ, ਲੈਂਡਲਾਈਨ ਟੈਲੀਫੋਨ, ਬਿਜਲੀ, ਗੈਸ, ਪਾਣੀ ਤੇ ਡੀਟੀਐਚ ਦਾ ਭੁਗਤਾਨ ਕਰ ਸਕਦੇ ਹਨ। ਇਹ ਫੀਚਰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਤੇ ਭਾਰਤੀ ਬਿੱਲ ਪੇਮੈਂਟਸ ਸਿਸਟਮ (ਬੀਬੀਪੀਐਸ) ਨਾਲ ਜੁੜਿਆ ਹੈ। ਸੈਮਸੰਗ ਇੰਡੀਆ ਦੇ ਡਾਇਰੈਕਟਰ ਸੰਜੇ ਰਾਜਦਾਨ ਨੇ ਦੱਸਿਆ ਕਿ ਕਸਟਮਰ ਸੈਮਸੰਗ ਪੇ ਦੀ ਮਦਦ ਨਾਲ ਆਪਣੇ ਜ਼ਰੂਰੀ ਬਿੱਲਾਂ ਦਾ ਭੁਗਤਾਨ ਕਰ ਸਕਣਗੇ। ਇਸ ਦੇ ਨਾਲ ਹੀ ਰਿਮਾਈਂਡਰ ਵੀ ਸੈੱਟ ਕਰ ਸਕਣਗੇ। ਸੈਮਸੰਗ ਪੇ ਦੀ ਸੇਵਾ ਭਾਰਤ ਵਿੱਚ ਮਾਰਚ ਵਿੱਚ ਲੌਂਚ ਹੋਈ ਸੀ ਤੇ ਕੰਪਨੀ ਦੇ ਪੇਟੈਂਟ ਮੈਗਨੈਟਿਕ ਸਿਕਓਰ ਟ੍ਰਾਂਸਮਿਸ਼ਨ (ਐਮਐਸਟੀ) ਤਕਨੀਕ ਦੇ ਨਾਲ-ਨਾਲ ਫੀਲਡ ਕਮਿਊਨੀਕੇਸ਼ਨ (ਐਨਐਫਸੀ) 'ਤੇ ਕੰਮ ਕਰਦੀ ਹੈ। ਇਸ ਸੇਵਾ ਲਈ ਸੈਮਸੰਗ ਨੇ ਭਾਰਤ ਵਿੱਚ ਐਕਸਿਸ ਬੈਂਕ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਐਸਬੀਆਈ ਕਾਰਡਸ ਤੋਂ ਇਲਾਵਾ ਮਾਸਟਰ ਕਾਰਡ ਤੇ ਅਮਰੀਕਨ ਐਕਸਪ੍ਰੈਸ ਨਾਲ ਸਾਂਝੇਦਾਰੀ ਕੀਤੀ ਹੈ। ਭਾਰਤ ਤੋਂ ਇਲਾਵਾ ਸੈਮਸੰਗ ਪੇ ਹੁਣ ਦੱਖਣੀ ਕੋਰੀਆ, ਅਮਰੀਕਾ, ਚੀਨ, ਸਪੇਨ, ਸਿੰਗਾਪੁਰ, ਆਸਟ੍ਰੇਲੀਆ, ਪਿਊਟਰੇ ਰਿਕੋ, ਬ੍ਰਾਜ਼ੀਲ, ਰੂਸ, ਥਾਈਲੈਂਡ ਤੇ ਮਲੇਸ਼ੀਆ ਵਿੱਚ ਕੰਮ ਕਰ ਰਿਹਾ ਹੈ।