ਚੰਡੀਗੜ੍ਹ: ਜ਼ਮਾਨੇ ਦੇ ਆਧੁਨਿਕ ਹੋਣ ਦੇ ਨਾਲ-ਨਾਲ ਠੱਗ-ਚੋਰ ਵੀ ਤਕਨੀਕੀ ਤੌਰ 'ਤੇ ਵਧੇਰੇ ਸਮਰੱਥ ਹੋ ਰਹੇ ਹਨ। ਇਸੇ ਦੀ ਮਿਸਾਲ ਮੁੰਬਈ ਤੋਂ ਮਿਲੀ ਹੈ ਜਿੱਥੇ ਠੱਗੀ ਦਾ ਬਿਲਕੁਲ ਨਵਾਂ ਮਾਮਲਾ ਸਾਹਮਣੇ ਆਇਆ ਹੈ। ਕਿਸੇ ਵਪਾਰੀ ਦੇ ਮੋਬਾਈਲ ਫੋਨ ’ਤੇ ਛੇ ਵਾਰ ਮਿਸ ਕਾਲ ਆਈਆਂ ਤੇ ਕੁਝ ਦੇਰ ਬਾਅਦ ਉਸ ਦੇ ਖ਼ਾਤੇ ਵਿੱਚੋਂ ਇੱਕ ਕਰੋੜ 86 ਲੱਖ ਰੁਪਏ ਗ਼ਾਇਬ ਹੋ ਗਏ। ਇਸ ਪਿੱਛੋਂ ਉਸ ਦੀ ਸਿੰਮ ਵੀ ਬੰਦ ਹੋ ਗਈ। ਸਾਈਬਰ ਸੈੱਲ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਮਾਹਰ ਮੁਤਾਬਕ ਧੋਖਾਧੜੀ ਦੀ ਵਜ੍ਹਾ ਸਿੰਮ ਸਵੈਪਿੰਗ ਹੋ ਸਕਦੀ ਹੈ ਪਰ ਜਦੋਂ ਤਕ ਪੂਰੀ ਜਾਂਚ ਨਹੀਂ ਹੋ ਜਾਂਦੀ, ਉਦੋਂ ਤਕ ਕੁਝ ਨਹੀਂ ਕਿਹਾ ਜਾ ਸਕਦਾ।
ਵਪਾਰੀ ਦੇ ਫੋਨ ’ਤੇ ਮਿਸ ਕਾਲ ਆਉਂਦਿਆਂ ਹੀ ਉਸ ਦੀ ਸਿੰਮ ਬੰਦ ਹੋ ਗਈ ਸੀ। ਦਰਅਸਲ, ਮੁੰਬਈ ਦੇ ਦਾਦਰ ਦੇ ਕੇ ਵੀ ਸ਼ਾਹ ਨੂੰ 27 ਤੇ 28 ਦਸੰਬਰ ਨੂੰ ਵੱਖ-ਵੱਖ ਨੰਬਰਾਂ ਤੋਂ 6 ਵਾਰ ਮਿਸ ਕਾਲਾਂ ਆਈਆਂ। ਇਸ ਪਿੱਛੋਂ ਉਸ ਦੇ ਖ਼ਾਤੇ ਦਾ ਸਫਾਇਆ ਹੋ ਗਿਆ। ਉਸ ਸ਼ਿਕਾਇਤ ਕਰਨ ਲਈ ਸਿੰਮ ਦੇ ਸਰਵਿਸ ਪ੍ਰੋਵਾਈਡਰ ਕੋਲ ਵੀ ਗਿਆ, ਜਿੱਥੋਂ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਸ਼ਾਹ ਦੀ ਸਿੰਮ ਬੰਦ ਕਰਨ ਦੀ ਰਿਕੁਐਸਟ ਭੇਜੀ ਗਈ ਸੀ।
ਵਪਾਰੀ ਨੇ ਸਰਵਿਸ ਪ੍ਰੋਵਾਈਡਰ ਨੂੰ ਦੱਸਿਆ ਕਿ ਉਸ ਨੇ ਅਜਿਹੀ ਕੋਈ ਰਿਕੁਐਸਟ ਨਹੀਂ ਭੇਜੀ। ਉਸ ਨੂੰ ਨਵਾਂ ਸਿੰਮ ਕਾਰਡ ਦਿੱਤਾ ਗਿਆ ਹੈ। ਧੋਖਾਧੜੀ ਦੀ ਇਸ ਵਾਰਦਾਤ ਵਿੱਚ 28 ਵਾਰ ਲੈਣ-ਦੇਣ ਪ੍ਰਕਿਰਿਆ ਕਰਕੇ ਸ਼ਾਹ ਦੇ ਬੈਂਕ ਖ਼ਾਤੇ ਵਿੱਚੋਂ ਪੈਸੇ ਕੱਢੇ ਗਏ। ਜਦੋਂ ਉਹ ਖ਼ਾਤੇ ਵਿੱਚੋਂ ਪੈਸੇ ਕਢਵਾਉਣ ਲੱਗਾ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ। ਇਸ ਪਿੱਛੋਂ ਉਸ ਨੇ ਸਾਈਬਰ ਸੈੱਲ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਸ ਧੋਖਾਧੜੀ ਦੇ ਮਾਮਲੇ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਮਿਲੀ।