ਨਵੀਂ ਦਿੱਲੀ: ਐਪਲ ਨੇ 12 ਸਤੰਬਰ ਨੂੰ ਆਪਣਾ ਬੇਜੇਲ-ਲੈਸ, OLED ਸਕਰੀਨ ਵਾਲਾ ਆਈਫੋਨ X ਲਾਂਚ ਕਰ ਦਿੱਤਾ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਤਿੰਨ ਨਵੰਬਰ ਤੋਂ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਵਿਕਰੀ ਲਈ ਉਪਲਬਧ ਹੋਵੇਗਾ। ਉੱਥੇ ਹੀ 22 ਅਕਤੂਬਰ ਤੋਂ ਇਸ ਦੀ ਬੁਕਿੰਗ ਕੀਤੀ ਜਾ ਸਕੇਗੀ। ਹੁਣ ਖ਼ਬਰ ਇਹ ਹੈ ਕਿ ਆਈਫੋਨ X ਦੀ ਡਿਮਾਂਡ ਕੰਪਨੀ ਅਗਲੇ ਸਾਲ ਤੱਕ ਪੂਰੀ ਨਹੀਂ ਕਰ ਸਕੇਗੀ। ਮਤਲਬ ਤੁਹਾਡੇ ਹੱਥਾਂ ਤੱਕ ਇਹ ਫੋਨ 2018 ਵਿੱਚ ਵੀ ਨਹੀਂ ਆਵੇਗਾ।
KGI ਸਿਕਿਓਰਿਟੀਜ਼ ਦੇ ਮੰਨੇ-ਪਰਮੰਨੇ ਐਨਾਲਿਸਟ ਮਿਗ-ਸ਼ੀ ਕੋਅ ਦੇ ਮੁਤਾਬਕ ਆਈਫੋਨ X ਨੂੰ ਲੈ ਕੇ ਬਾਜ਼ਾਰ ਚ ਉੱਠਣ ਵਾਲੀ ਮੰਗ ਕੰਪਨੀ ਵੱਲੋਂ ਪੂਰੀ ਕਰਨ ਵਿੱਚ ਪ੍ਰੇਸ਼ਾਨੀ ਹੋਵੇਗੀ। ਅਜਿਹੇ ਵਿੱਚ ਸੰਭਵ ਹੈ ਕਿ ਆਈਫੋਨ X 2018 ਦੀ ਪਹਿਲੀ ਤਿਮਾਹੀ ਤੱਕ ਲੋਕਾਂ ਨੂੰ ਆਸਾਨੀ ਨਾਲ ਨਹੀਂ ਮਿਲ ਸਕੇਗਾ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਐਪਲ ਨੇ ਆਈਫੋਨ X ਦੀ ਪ੍ਰੀ-ਬੁਕਿੰਗ ਤੇ ਸ਼ਿਪਿੰਗ ਦੀ ਤਾਰੀਕ ਆਈਫੋਨ 8 ਤੋਂ ਕਾਫੀ ਬਾਅਦ ਇਸ ਲਈ ਰੱਖੀ ਹੈ ਤਾਂ ਕਿ ਆਈਫੋਨ 8 ਸੀਰੀਜ਼ ਦੀ ਕੀਮਤ ਸੇਲ ਤੇ ਆਈਫੋਨ X ਦੇ ਲਾਂਚ ਦਾ ਜ਼ਿਆਦਾ ਅਸਰ ਨਾ ਪਵੇ। ਜੇਕਰ ਇਹ ਰਿਪੋਰਟ ਸਹੀ ਸਾਬਤ ਹੁੰਦੀ ਹੈ ਤਾਂ ਭਾਰਤ ਸਾਹਿਤ ਦੁਨੀਆ ਭਰ ਵਿੱਚ ਆਈਫੋਨ X ਦਾ ਇੰਤਜ਼ਾਰ ਕਰਨ ਵਾਲਿਆਂ ਲਈ ਇਹ ਨਿਰਾਸ਼ ਕਰਨ ਵਾਲੀ ਖ਼ਬਰ ਹੈ।
ਕੀਮਤ ਦੀ ਗੱਲ ਕਰੀਏ ਤਾਂ ਆਈਫੋਨ X ਨੂੰ ਦੋ ਸਟੋਰੇਜ ਮਾਡਲ 64 ਜੀਬੀ ਤੇ 256 ਜੀਬੀ ਵਿੱਚ ਉਤਾਰਿਆ ਗਿਆ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਮੇਨਸਟਰੀਮ ਫੋਨ ਹੋਵੇਗਾ। ਭਾਰਤ ਵਿੱਚ ਇਸਦੇ 256 ਜੀਬੀ ਮਾਡਲ ਦੀ ਕੀਮਤ 1,02,000 ਰੁਪਏ ਤੱਕ ਹੋਵੇਗੀ ਤੇ ਇਸ ਦੀ ਕੀਮਤ 89,000 ਤੋਂ ਸ਼ੁਰੂ ਹੋਵੇਗੀ।