ਚੰਡੀਗੜ੍ਹ: ਮੋਬਾਈਲ ਗੇਮ PUBG ਮੋਬਾਈਲ ਨੇ ਆਪਣੇ ਲਾਂਚ ਬਾਅਦ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਹੁਣ ਤਕ ਇਸ ਦੇ 20 ਕਰੋੜ ਤੋਂ ਵੱਧ ਡਾਊਨਲੋਡ ਹੋ ਚੁੱਕੇ ਹਨ। ਇਸ ਦੀ ਨਿਰਮਾਤਾ ਟੈਨਸੇਂਟ ਗੇਮਜ਼ ਤੇ ਪਬਜੀ ਕਾਰਪੋਰੇਸ਼ਨ ਨੇ ਆਪਣੀ ਓਪੋ ਪਬਜੀ ਮੋਬਾਈਲ ਇੰਡੀਆ ਸੀਰੀਜ਼ 2019 ਦਾ ਐਲਾਨ ਕੀਤਾ ਹੈ ਜੋ ਭਾਰਤ ਵਿੱਚ ਹੋਣ ਵਾਲਾ ਪਹਿਲਾ ਅਧਿਕਾਰਕ ਓਪਨ-ਟੂ-ਆਲ ਟੂਰਨਾਮੈਂਟ ਹੋਏਗਾ। ਇਸ ਸੀਰੀਜ਼ ਦੇ ਜੇਤੂ ਨੂੰ ਪੂਰੇ ਇੱਕ ਕਰੋੜ ਦੀ ਇਨਾਮੀ ਰਕਮ ਦਿੱਤੀ ਜਾਏਗੀ। ਕੰਪਨੀ ਨੇ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਦਮ ਦੇਸ਼ ਅੰਦਰ ਈ-ਸਪੋਰਟਸ ਲਈ ਟਿਕਾਊ ਪ੍ਰਸਥਿਤੀ ਫਰੇਮ ਤਿਆਰ ਕਰਨ ਲਈ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਇਸ ਟੂਰਨਾਮੈਂਟ ਵਿੱਚ ਜੋ ਵੀ ਯੂਜ਼ਰ ਹਿੱਸਾ ਲੈਣਗੇ, ਉਨ੍ਹਾਂ ਕੋਲ ਇੱਕ ਕਰੋੜ ਤੋਂ ਇਲਾਵਾ ਓਪੋ ਫੋਨ ਜਿੱਤਣ ਦਾ ਵੀ ਸ਼ਾਨਦਾਰ ਮੌਕਾ ਹੋਏਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਪਹਿਲੇ ਅਧਿਕਾਰਕ ਪਬਜੀ ਮੋਬਾਈਲ ਕੈਂਪਸ ਚੈਂਪੀਅਨਸ਼ਿਪ ਕਰਵਾਈ ਗਈ ਸੀ। ਉਸ ਨੂੰ ਵੀ ਜ਼ਬਰਦਸਤ ਹੁਲਾਰਾ ਮਿਲਿਆ ਸੀ। ਇਸ ਟੁਰਨਾਮੈਂਟ ਲਈ 30 ਸ਼ਹਿਰਾਂ ਦੇ ਹਜ਼ਾਰ ਤੋਂ ਵੱਧ ਕਾਲਜਾਂ ਵਿੱਚ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਹੁਣ ਤਕ ਢਾਈ ਲੱਖ ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ।