ਚੰਡੀਗੜ੍ਹ: ਵ੍ਹੱਟਸਐਪ ਦੁਨੀਆ ਦਾ ਸਭ ਤੋਂ ਵੱਡਾ ਮੈਸੇਜਿੰਗ ਐਪ ਹੈ। ਫੇਕ ਨਿਊਜ਼ ਨਾਲ ਨਜਿੱਠਣ ਲਈ ਪਿਛਲੇ ਪੰਜ ਮਹੀਨਿਆਂ ਅੰਦਰ ਇਸ ਨੇ ਪ੍ਰਿੰਟ, ਟੀਵੀ ਤੇ ਰੇਡੀਓ ਇਸ਼ਤਿਹਾਰਾਂ ’ਤੇ ਲਗਪਗ 120 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ। ਦਰਅਸਲ ਫੇਕ ਮੈਸੇਜਸ ਦੀ ਵਜ੍ਹਾ ਕਰਕੇ ਦੇਸ਼ ਵਿੱਚ ਕਈ ਅਫ਼ਵਾਹਾਂ ਉੱਡੀਆਂ ਜਿਸ ਕਰਕੇ ਮੌਬ ਲਿੰਚਿੰਗ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਇਸ ਪਿੱਛੋਂ ਸਰਕਾਰ ਨੇ ਕੰਪਨੀ ਨੂੰ ਨੋਟਿਸ ਭੇਜੇ ਸੀ। ਸਰਕਾਰ ਦੇ ਨੋਟਿਸ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ।
ਜਾਣਕਾਰੀ ਮੁਤਾਬਕ ਜ਼ਿਆਦਾਤਰ ਰਕਮ ਪ੍ਰਿੰਟ ਇਸ਼ਤਿਹਾਰਾਂ ’ਤੇ ਖ਼ਰਚ ਕੀਤੀ ਗਈ ਹੈ। ਹੁਣ ਲੋਕ ਸਭਾ ਚੋਣਾਂ ਨਜ਼ਦੀਕ ਆਉਣ ਕਰਕੇ ਵ੍ਹੱਟਸਐਪ ਨੇ ਹੋਰ ਕਮਰ ਕੱਸ ਲਈ ਹੈ। ਇੱਕ ਮੀਡੀਆ ਏਜੰਸੀ ਅਧਿਕਾਰੀ ਨੇ ਦੱਸਿਆ ਕਿ ਜੇ ਇਸ਼ਤਿਹਾਰਾਂ ਨੂੰ ਇੰਝ ਹੀ ਚਲਾਇਆ ਗਿਆ ਤਾਂ ਮਾਸ ਮੀਡੀਆ ਇਸ਼ਤਿਹਾਰ ਹੋਰ ਵਧ ਸਕਦੇ ਹਨ। ਵ੍ਹੱਟਸਐਪ ਵੱਲੋਂ ਇਸ ਦੇ ਤਹਿਤ ਚਲਾਈ ਜਾਣ ਵਾਲੀ ਕੈਂਪੇਨ ਦਾ ਪਹਿਲਾ ਪੜਾਅ 10 ਜਨਵਰੀ, ਯਾਨੀ ਅੱਜ ਤੋਂ ਸ਼ੁਰੂ ਹੋਏਗਾ।
ਦੱਸ ਦੇਈਏ ਕਿ ਕੋਕਾ ਕੋਲਾ ਨੇ ਵੀ ਪਿਛਲੇ ਸਾਲ ਆਈਪੀਐਲ ਟੂਰਨਾਮੈਂਟ ਵਿੱਚ ਸਿਰਫ ਇਸ਼ਤਿਹਾਰਾਂ ’ਤੇ ਹੀ 100 ਕਰੋੜ ਰੁਪਏ ਖ਼ਰਚ ਕਰ ਦਿੱਤੇ ਸੀ। ਵ੍ਹੱਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹ ਲੋਕਾਂ ਨੂੰ ਫੇਕ ਨਿਊਜ਼ ਪ੍ਰਤੀ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਪੈਸਾ ਲਾ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਅਪੀਲ ਦੇਸ਼ ਦੇ ਸਾਰੇ ਲੋਕਾਂ ਤਕ ਪੁੱਜੇਗੀ। ਇਸ ਇਸ਼ਤਿਹਾਰ ਨੂੰ 10 ਖੇਤਰੀ ਭਾਸ਼ਾਵਾਂ ਵਿੱਚ ਵੀ ਲਾਂਚ ਕਰਨ ਦੀ ਯੋਜਨਾ ਹੈ।