ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਵਟਸਐਪ ਨੂੰ ਟੱਕਰ ਦੇਣ ਲਈ ਜਾਰੀ ਕੀਤੀ ਗਈ ਸਵਦੇਸ਼ੀ ਮੈਸੇਜਿੰਗ ਐਪ ਕਿੰਭੋ ਕਈ ਵਿਵਾਦਾਂ ਦੇ ਦਰਮਿਆਨ ਪਲੇਅ ਸਟੋਰ ਤੋਂ ਹਟਾ ਲਈ ਗਈ ਸੀ। ਹੁਣ ਇਕ ਵਾਰ ਫਿਰ ਕਿੰਭੋ ਦੀ ਵਾਪਸੀ ਦੇ ਸੰਕੇਤ ਹਨ। 'ਟਾਈਮਜ਼ ਆਫ ਇੰਡੀਆਂ' ਦੀ ਰਿਪੋਰਟ ਦੇ ਮੁਤਾਬਕ ਰਾਮਦੇਵ ਦੇ ਸਹਿਯੋਗੀ ਆਚਾਰਿਆ ਬਾਲਕ੍ਰਿਸ਼ਨ ਆਉਣ ਵਾਲੇ ਕੁਝ ਹਫਤਿਆਂ 'ਚ ਕਿੰਭੋ ਨੂੰ ਰਸਮੀ ਤੌਰ 'ਤੇ ਜਾਰੀ ਕਰਨਗੇ। ਪਿਛਲੇ ਹਫਤੇ ਹੀ ਕਿੰਭੋ 'ਤੇ ਡਾਟਾ ਸਿਕਿਓਰਟੀ ਨੂੰ ਲੈ ਕੇ ਹੋ ਰਹੀ ਗੜਬੜੀ ਤੇ ਦੂਜੀ ਐਪ ਤੋਂ ਦਿਖ ਕਾਪੀ ਕਰਨ ਦੇ ਇਲਜ਼ਾਮ ਲੱਗੇ ਸਨ ਜਿਸ ਤੋਂ ਬਾਅਦ ਕਿੰਭੋ ਨੂੰ ਗੂਗਲ ਤੋਂ ਹਟਾ ਲਿਆ ਗਿਆ ਸੀ। ਦੱਸ ਦਈਏ ਕਿ ਫ੍ਰੈਂਚ ਸਿਕਿਓਰਟੀ ਰਿਸਰਚਰ ਏਲੀਓਟ ਏਲਡਰਸਨ ਨੇ ਰਾਮਦੇਵ ਦੇ ਇਸ ਐਪ 'ਚ ਯੂਜ਼ਰ ਦੀ ਡਾਟਾ ਸਿਕਿਓਰਟੀ ਨੂੰ ਲੈਕੇ ਵੱਡੀ ਚਿੰਤਾ ਜਤਾਉਂਦਿਆਂ ਕਿੰਭੋ ਨੂੰ 'ਸਿਕਿਓਰਟੀ ਡਿਜ਼ਾਸਟਰ' ਦੱਸਿਆ ਸੀ। ਉਨ੍ਹਾਂ ਟਵੀਟ ਕਰਦਿਆਂ ਕਿੰਭੋ ਐਪ ਨੂੰ ਇਕ ਮਜ਼ਾਕ ਕਰਾਰ ਦਿੱਤਾ ਸੀ ਤੇ ਦਾਅਵਾ ਕੀਤਾ ਸੀ ਕਿ ਇਹ ਐਪ ਬਿਲਕੁਲ 'ਬੋਲੋ' ਐਪ ਜਿਹਾ ਹੈ।