ਨਵੀਂ ਦਿੱਲੀ: ਭਾਰਤ ਸਰਕਾਰ ਨੇ ਸੋਸ਼ਲ ਨੈੱਟਵਰਕਿੰਗ ਦਿੱਗਜ ਫੇਸਬੁੱਕ ਤੋਂ ਉਨ੍ਹਾਂ ਖ਼ਬਰਾਂ 'ਤੇ ਸਪਸ਼ਟੀਕਰਨ ਮੰਗਿਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਫ਼ੋਨ ਨਿਰਮਾਤਾਵਾਂ ਨੂੰ ਵਰਤੋਂਕਾਰਾਂ ਦੀ ਸਹਿਮਤੀ ਤੋਂ ਬਿਨਾ ਉਨ੍ਹਾਂ ਦੀ ਨਿੱਜੀ ਜਾਣਕਾਰੀ ਮੁਹੱਈਆ ਕਰਵਾਈ ਹੈ। ਇਸ ਵਿੱਚ ਉਨ੍ਹਾਂ ਦੇ ਦੋਸਤਾਂ ਬਾਰੇ ਜਾਣਕਾਰੀ ਵੀ ਸ਼ਾਮਲ ਹੈ।
ਆਈਟੀ ਮੰਤਰਾਲਾ ਨੇ ਕਿਹਾ ਕਿ ਭਾਰਤ ਸਰਕਾਰ ਅਜਿਹੀ ਗ਼ਲਤੀ ਤੇ ਉਲੰਘਣਾ 'ਤੇ ਡੂੰਘੀ ਚਿੰਤਾ ਵਿੱਚ ਹੈ। ਕੈਂਬ੍ਰਿਜ ਐਨਾਲਿਟਿਕਾ ਮਾਮਲੇ ਵਿੱਚ ਨਿੱਜੀ ਡੇਟਾ ਉਲੰਘਣ ਬਾਰੇ ਭੇਜੇ ਗਏ ਨੋਟਿਸਾਂ ਦੇ ਜਵਾਬ ਵਿੱਚ ਫੇਸਬੁੱਕ ਨੇ ਮੁਆਫ਼ੀ ਵੀ ਮੰਗੀ ਸੀ। ਭਾਰਤ ਸਰਕਾਰ ਨੂੰ ਯਕੀਨ ਦਿਵਾਇਆ ਸੀ ਕਿ ਉਹ ਪਲੇਟਫਾਰਮ 'ਤੇ ਯੂਜ਼ਰਜ਼ ਦੇ ਡੇਟਾ ਦੀ ਪ੍ਰਾਈਵੇਸੀ ਦਾ ਖਿਆਲ ਰੱਖਣਗੇ।
ਸਰਕਾਰ ਨੇ ਕਿਹਾ ਕਿ ਹਾਲਾਂਕਿ ਅਜਿਹੀਆਂ ਖ਼ਬਰਾਂ ਨਾਲ ਫੇਸਬੁੱਕ ਵੱਲੋਂ ਦਿਵਾਏ 'ਯਕੀਨ' 'ਤੇ ਸਵਾਲ ਚੁੱਕੇ ਜਾਣੇ ਬਣਦੇ ਹਨ। ਇਲੈਕਟ੍ਰੌਨਿਕਸ ਤੇ ਆਈਟੀ ਮੰਤਰਾਲੇ ਨੇ ਫੇਸਬੁੱਕ ਤੋਂ ਹੁਣ 20 ਜੂਨ ਤਕ ਵਿਸਥਾਰਤ ਰਿਪੋਰਟ ਨਾਲ 'ਯਕੀਨ' ਦਿਵਾਉਣ ਦੀ ਮੰਗ ਕੀਤੀ ਹੈ।
ਕੀ ਕਹਿੰਦੀ ਹੈ ਫੇਸਬੁੱਕ ਵਿਰੁੱਧ ਆਈ ਨਵੀਂ ਰਿਪੋਰਟ
ਨਿਊਯਾਰਕ ਟਾਈਮਜ਼ ਨੇ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਫੇਸਬੁੱਕ ਨੇ ਐਪਲ, ਸੈਮਸੰਗ ਸਮੇਤ ਕੁੱਲ 60 ਮੋਬਾਈਲ ਹੈਂਡਸੈੱਟ ਨਿਰਮਾਤਾ ਕੰਪਨੀਆਂ ਨੂੰ ਆਪਣੇ ਯੂਜ਼ਰਜ਼ ਦੇ ਨਿੱਜੀ ਡੇਟਾ ਦਾ ਐਕਸੈਸ ਦਿੱਤਾ ਸੀ। ਇੰਨਾ ਹੀ ਨਹੀਂ ਫੇਸਬੁੱਕ ਨੇ ਨਾ ਸਿਰਫ਼ ਵਰਤੋਂਕਾਰਾਂ ਦਾ ਬਲਕਿ ਉਨ੍ਹਾਂ ਦੇ ਦੋਸਤਾਂ ਦਾ ਡੇਟਾ ਵੀ ਇਨ੍ਹਾਂ ਕੰਪਨੀਆਂ ਨਾਲ ਸਾਂਝਾ ਕਰ ਦਿੱਤਾ ਸੀ।
ਸਾਲ 2010 ਵਿੱਚ ਫੇਸਬੁੱਕ ਨੇ ਕਈ ਕੰਪਨੀਆਂ ਨਾਲ ਇੱਕ ਸਮਝੌਤਾ ਕੀਤਾ ਸੀ, ਜਿਸ ਨਾਲ ਫੇਸਬੁੱਕ ਨੂੰ ਆਪਣੀ ਪਹੁੰਚ ਵਧਾਉਣ ਵਿੱਚ ਮਦਦ ਮਿਲ ਸਕੇ। ਰਿਪੋਰਟ ਮੁਤਾਬਕ ਇਹ ਪਾਰਟਨਰਸ਼ਿਪ ਡੀਲ ਅਮਰੀਕੀ ਫੈਡਰਲ ਟ੍ਰੇਡ ਕਮਿਸ਼ਨ (ਐਫਟੀਸੀ) ਦੀਆਂ ਨੀਤੀਆਂ ਦਾ ਉਲੰਘਣ ਕਰਦੀ ਹੈ। ਨਿਊਯਾਰਕ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਫੇਸਬੁੱਕ ਨੇ ਇਹ ਸਾਂਝੇਦਾਰੀ ਸਾਲ 2018 ਤਕ ਜਾਰੀ ਰੱਖੀ ਹੋਈ ਹੈ।
ਫੇਸਬੁੱਕ ਨੇ ਦੱਸਿਆ ਸੀ ਕਿ ਕਿਸੇ ਵੀ ਇੰਟੀਗ੍ਰੇਟਿਡ ਏਪੀਆਈ ਦੇ ਐਕਸੈੱਸ ਨੂੰ ਖ਼ਤਮ ਕੀਤਾ ਜਾਵੇਗਾ, ਪਰ ਹਾਲੇ ਤਕ ਵੀ ਫੇਸਬੁੱਕ ਕਈ ਲੋਕਾਂ ਨਾਲ ਅਜਿਹੀ ਸਾਂਝੇਦਾਰੀ ਰੱਖਦਾ ਹੈ, ਜਿਸ ਨਾਲ ਡੇਟਾ ਐਕਸੈੱਸ ਕੀਤਾ ਜਾ ਸਕੇ।