ਮੁੰਬਈ: ਜੇਕਰ ਤੁਸੀਂ ਰਿਲਾਇੰਸ ਕਮਿਊਨੀਕੇਸ਼ਨਜ਼ (RCom) ਦੇ ਗਾਹਕ ਹੋ ਤਾਂ ਇਹ ਖ਼ਬਰ ਤੁਹਾਨੂੰ ਨਿਰਾਸ਼ ਕਰ ਸਕਦੀ ਹੈ। ਘਾਟੇ ਵਿੱਚ ਚੱਲ ਰਹੀ ਆਰਕਾਮ ਦੀ ਵੌਇਸ ਕਾਲਿੰਗ ਸੇਵਾ 1 ਦਸੰਬਰ ਤੋਂ ਬੰਦ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਦਿੱਤੀ ਹੈ।
ਟਰਾਈ ਨੇ ਆਪਣੇ ਇੱਕ ਨਿਰਦੇਸ਼ ਵਿੱਚ ਕਿਹਾ ਸੀ ਕਿ ਆਰਕਾਮ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਕੰਪਨੀ ਆਪਣੀ ਵੌਇਸ ਸੇਵਾ ਨੂੰ ਬੰਦ ਕਰਨ ਜਾ ਰਹੀ ਹੈ। ਇਸ ਤਰ੍ਹਾਂ 1 ਦਸੰਬਰ, 2017 ਤੋਂ ਆਰਕਾਮ ਦੇ ਗਾਹਕ ਆਪਣੇ ਮੋਬਾਈਲ ਤੋਂ ਕਿਸੇ ਨਾਲ ਫ਼ੋਨ 'ਤੇ ਗੱਲ ਨਹੀਂ ਕਰ ਸਕਣਗੇ।
ਹਾਲਾਂਕਿ, ਕੰਪਨੀ ਨੇ ਇਹ ਦੱਸਿਆ ਹੈ ਕਿ ਕੰਪਨੀ ਆਪਣੀ 4G ਡੇਟਾ ਸੇਵਾ ਚਾਲੂ ਰੱਖੇਗੀ। ਇਸ ਤਰ੍ਹਾਂ ਕੰਪਨੀ ਆਪਣੇ ਗਾਹਕਾਂ ਨੂੰ ਇੰਟਰਨੈੱਟ ਸੇਵਾਵਾਂ ਹੀ ਦੇਵੇਗੀ ਵੌਇਸ ਕਾਲਿੰਗ ਸੇਵਾ ਬੰਦ ਕਰ ਦੇਵੇਗੀ। ਆਰਕਾਮ ਨੇ ਟ੍ਰਾਈ ਨੂੰ ਦੱਸਿਆ ਹੈ ਕਿ ਆਂਧਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਤੇ ਕੇਰਲ ਜਿਹੇ ਖੇਤਰਾਂ ਵਿੱਚ 2G ਤੇ 4G ਸੇਵਾਵਾਂ ਦੇ ਰਹੀ ਹੈ।