ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਤਿੰਨ ਨਵੇਂ ਪ੍ਰੋਡਕਟ ਜਾਰੀ ਕੀਤੇ ਹਨ ਤੇ ਉਨ੍ਹਾਂ ਵਿੱਚ ਟੈਲੀਵਿਜ਼ਨ ਲਈ ਸਾਰੇ ਚਿਰਾਂ ਤੋਂ ਇੰਤਜ਼ਾਰ ਕਰ ਰਹੇ ਸਨ। ਕੱਲ੍ਹ ਦੇ ਸਮਾਗਮ ਵਿੱਚ ਸ਼ਾਓਮੀ ਦਾ ਤੀਜਾ ਧਮਾਕੇਦਾਰ ਪ੍ਰੋਡਕਟ ਰਿਹਾ 55 ਇੰਚ ਦਾ ਸਮਾਰਟ ਟੈਲੀਵਿਜ਼ਨ।

ਸ਼ਿਓਮੀ ਨੇ ਪਹਿਲੀ ਵਾਰ ਭਾਰਤੀ ਬਾਜ਼ਾਰ ਵਿੱਚ ਸਮਾਰਟ ਟੀਵੀ Mi LED Smart TV 4 ਉਤਾਰਿਆ ਹੈ। ਕੰਪਨੀ ਨੇ ਇਸ 4K HDR ਟੈਲੀਵਿਜ਼ਨ ਦੀ ਕੀਮਤ 39,000 ਰੁਪਏ ਰੱਖੀ ਹੈ। ਸ਼ਿਓਮੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਪਤਲਾ ਟੈਲੀਵਿਜ਼ਨ ਹੈ। ਇਸ ਦੀ ਮੋਟਾਈ 4.99 ਮਿਲੀਮੀਟਰ ਹੈ।

55 ਇੰਚ ਦੀ ਸਕ੍ਰੀਨ ਵਾਲੇ ਇਸ ਟੈਲੀਵਿਜ਼ਨ ਵਿੱਚ 2 ਜੀ.ਬੀ. ਰੈਮ ਤੇ 8 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਇਸ ਵਿੱਚ ਕੁਆਰਡ ਕੋਰ ਪ੍ਰੋਸੈੱਸਰ ਵੀ ਦਿੱਤਾ ਗਿਆ ਹੈ। ਸ਼ਿਓਮੀ ਨੇ ਇਸ ਟੈਲੀਵਿਜ਼ਨ ਵਿੱਚ ਤਾਰ ਵਾਲੇ ਇੰਟਰਨੈੱਟ ਤੋਂ ਲੈ ਕੇ ਵਾਈ ਫਾਈ ਤੇ ਬਲੂਟੂਥ ਤੋਂ ਲੈ ਕੇ HDMI ਆਦਿ ਕੁੱਲ 10 ਕੁਨੈਕਟਿਵੀਟੀ ਫੀਚਰਜ਼ ਹਨ।

Mi LED Smart TV 4 ਵਿੱਚ ਡੌਲਬੀ ਆਡੀਓ ਤੇ ਡੀ.ਟੀ.ਐਸ.-ਐਚ.ਡੀ. ਪੱਧਰ ਦੀ ਆਵਾਜ਼ ਦੇਣ ਵਾਲੇ 8 ਵਾਟ ਦੇ ਦੋ ਸਪੀਕਰ ਦਿੱਤੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਟੈਲੀਵਿਜ਼ਨ ਦੀ ਆਵਾਜ਼ ਬਹੁਤ ਵਧੀਆ ਹੈ।

ਇਸ ਟੈਲੀਵਿਜ਼ਨ ਦੀ ਸ਼ਾਨਦਾਰ ਗੱਲ ਇਹ ਵੀ ਹੈ ਕਿ ਇਸ ਵਿੱਚ ਅੰਦਰੂਨੀ ਸੈਟਿੰਗ ਕਰਨ ਲਈ ਭਾਸ਼ਾ ਹਿੰਦੀ ਤੇ ਅੰਗ੍ਰੇਜ਼ੀ ਦੇ ਨਾਲ-ਨਾਲ ਪੰਜਾਬੀ ਵੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਟੈਲੀਵਿਜ਼ਨ 'ਤੇ ਵੇਖੀ ਜਾ ਸਕਣ ਵਾਲੀ ਸਮੱਗਰੀ ਵੀ ਪੰਜਾਬੀ ਭਾਸ਼ਾ ਵਿੱਚ ਵੇਖੀ ਜਾ ਸਕਦੀ ਹੈ। Mi LED Smart TV 4 ਕੁੱਲ 15 ਭਾਸ਼ਾਵਾਂ ਵਿੱਚ ਸਮੱਗਰੀ ਨੂੰ ਵਿਖਾ ਸਕਦਾ ਹੈ ਤੇ 13 ਭਾਸ਼ਾਵਾਂ ਵਿੱਚ ਆਪਣੀਆਂ ਅੰਦਰੂਨੀ ਸੈਟਿੰਗਜ਼ ਨੂੰ ਵਿਖਾਉਣ ਦੇ ਸਮਰੱਥ ਹੈ।