ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੈਲੇਨਟਾਈਨਜ਼ ਡੇਅ ਮੌਕੇ ਬਹੁਤ ਹੀ ਖਾਸ ਤੋਹਫੇ ਦਿੱਤੇ। ਚੀਨੀ ਕੰਪਨੀ ਸ਼ਿਓਮੀ ਨੇ ਇੱਕ ਜਾਂ ਦੋ ਨਹੀਂ ਬਲਕਿ ਤਿੰਨ ਧਮਾਕੇ ਕੀਤੇ। ਬੀਤੇ ਕੱਲ੍ਹ ਦਿੱਲੀ ਵਿੱਚ ਆਪਣੇ ਸਮਾਗਮ ਦੌਰਾਨ ਸ਼ਿਓਮੀ ਨੇ ਆਪਣੇ ਤਿੰਨ ਨਵੇਂ ਉਤਪਾਦ Redmi Note 5, Note 5 Pro ਤੇ Mi TV ਜਾਰੀ ਕੀਤੇ ਹਨ।

ਸ਼ਿਓਮੀ ਨੇ ਆਪਣੀ ਰਵਾਇਤ ਨੂੰ ਬਰਕਰਾਰ ਰੱਖਦਿਆਂ ਆਪਣੇ ਇਨ੍ਹਾਂ ਪ੍ਰੋਡਕਟਸ ਵਿੱਚ ਬਹੁਤ ਕੁਝ ਖਾਸ ਤੇ ਬਹੁਤ ਹੀ ਵਾਜਬ ਕੀਮਤਾਂ 'ਤੇ ਲਿਆਂਦਾ ਹੈ। ਸ਼ਿਓਮੀ ਦੇ ਇਹ ਤਿੰਨੋ ਪ੍ਰੋਡਕਟਸ ਛੇਤੀ ਹੀ ਆਨਲਾਈਨ ਵਿਕਰੀ ਲਈ ਉਪਲਬਧ ਹੋਣਗੇ। ਫਲਿੱਪਕਾਰਟ ਤਿੰਨੋ ਪ੍ਰੋਡਕਟਸ ਦੀ 22 ਫਰਵਰੀ ਨੂੰ ਪਹਿਲੀ ਵਿਕਰੀ ਸ਼ੁਰੂ ਕਰੇਗੀ।

ਸ਼ਿਓਮੀ ਦੇ Redmi Note 5 ਦੀ ਗੱਲ ਕਰਦੇ ਹਾਂ। ਸ਼ਿਓਮੀ ਨੇ ਆਪਣੇ ਬੇਹੱਦ ਮਕਬੂਲ ਹੋਏ ਸਮਾਰਟਫ਼ੋਨ ਰੈਡਮੀ ਨੋਟ 4 ਤੋਂ ਬਾਅਦ ਨੋਟ 5 ਵਿੱਚ ਬਹੁਤ ਕੁਝ ਤਬਦੀਲ ਕਰ ਦਿੱਤਾ ਹੈ। ਨੋਟ 5 ਵਿੱਚ 5.99 ਇੰਚ ਦੀ ਸਕ੍ਰੀਨ ਜੋ 18:9 ਅਨੁਪਾਤ ਨਾਲ ਆਉਂਦੀ ਹੈ, ਸਨੈਪਡ੍ਰੈਗਨ 635 ਪ੍ਰੋਸੈੱਸਰ ਦਿੱਤਾ ਗਿਆ ਹੈ, ਜਿਸ ਦੀ ਜੋੜੀ 3/4 ਜੀ.ਬੀ. ਰੈਮ ਤੇ 32/64 ਜੀ.ਬੀ. ਨਾਲ ਬਣਾਈ ਗਈ ਹੈ। ਰੈਮ ਤੇ ਰੋਮ ਦੇ ਹਿਸਾਬ ਨਾਲ ਕੰਪਨੀ ਨੇ ਨੋਟ 5 ਦੀ ਕੀਮਤ 9,999 ਤੇ 11,999 ਰੁਪਏ ਰੱਖੀ ਹੈ।

ਕੰਪਨੀ ਨੇ ਫ਼ੋਟੋਗ੍ਰਾਫੀ ਵਾਲੇ ਪੱਖ 'ਤੇ ਖ਼ੂਬ ਮਿਹਨਤ ਕੀਤੀ ਹੈ। ਇਸ ਲਈ 12 ਮੈਗਾਪਿਕਸਲ 1.25 ਮਾਈਕ੍ਰੌਨ ਪਿਕਸਲ ਦਾ ਮੁੱਖ ਕੈਮਰਾ ਤੇ ਅੱਗੇ ਵਾਲੇ ਪਾਸੇ 5 ਮੈਗਾਪਿਕਸਲ ਦਾ ਕੈਮਰਾ ਸੈਲਫੀ ਫਲੈਸ਼ ਨਾਲ ਦਿੱਤਾ ਗਿਆ ਹੈ।

ਸਮਾਰਟਫ਼ੋਨਜ਼ ਵਿੱਚ ਕੰਪਨੀ ਨੇ ਇਸ ਵਾਰ ਨਵਾਂ ਰੰਗ ਉਤਾਰਿਆ ਹੈ। ਬਲੈਕ, ਗੋਲਡ, ਰੋਜ਼ ਗੋਲਡ ਦੇ ਨਾਲ ਚੌਥਾ ਰੰਗ ਲੇਕ ਬਲੂ ਹੋਵੇਗਾ। ਸ਼ਿਓਮੀ ਨੇ ਨੋਟ 5 ਨੂੰ ਚਲਾਉਣ ਲਈ 4000 mAh ਸਮਰੱਥਾ ਵਾਲੀ ਵਿਸ਼ਾਲ ਬੈਟਰੀ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇੱਕ ਵਾਰ ਚਾਰਜ ਕਰਨ 'ਤੇ ਇਹ ਬੈਟਰੀ 2 ਦਿਨ ਤਕ ਚੱਲੇਗੀ।