ਨਵੀਂ ਦਿੱਲੀ: ਸ਼ਿਓਮੀ ਨੇ ਸਮਾਰਟਫ਼ੋਨ ਬਾਜ਼ਾਰ ਵਿੱਚ ਧਮਾਕਾ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਦੀ ਮੋਹਰੀ ਸਮਾਰਟਫ਼ੋਨ ਕੰਪਨੀ ਦਾ ਤਾਜ ਪਹਿਨਣ ਤੋਂ ਬਾਅਦ ਸ਼ਿਓਮੀ ਨੇ ਆਪਣੇ ਨਵੇਂ ਫ਼ੋਨ ਨਾਲ ਸਮਾਰਟਫ਼ੋਨ ਬਾਜ਼ਾਰ ਵਿੱਚ ਭੂਚਾਲ ਲਿਆ ਦਿੱਤਾ ਹੈ। ਇਸ ਭੂਚਾਲ ਦਾ ਨਾਂ ਹੈ 'Redmi Note 5 Pro'
ਜੀ ਹਾਂ, ਇਸ ਸਮਾਰਟਫ਼ੋਨ ਦੀ ਗੱਲ ਕਰੀਏ ਤਾਂ ਸ਼ਿਓਮੀ ਨੇ ਜੋ ਵਿਸ਼ੇਸ਼ਤਾਵਾਂ ਇਸ ਮੋਬਾਈਲ ਫ਼ੋਨ ਵਿੱਚ ਦਿੱਤੀਆਂ ਹਨ, ਉਹ ਦੁਨੀਆ ਵਿੱਚ ਪਹਿਲੀ ਵਾਰ ਕਿਸੇ ਸਮਾਰਟਫ਼ੋਨ ਵਿੱਚ ਆਈਆਂ ਹਨ। ਨੋਟ 5 ਪ੍ਰੋ ਵੀ ਗਾਹਕ ਦੀ ਜੇਬ 'ਤੇ ਬਹੁਤਾ ਭਾਰ ਨਹੀਂ ਪਾਏਗਾ ਤੇ ਵਾਜ਼ਬ ਕੀਮਤ ਵਿੱਚ ਕੰਪਨੀ ਨੇ ਪਹਿਲੀ ਵਾਰ ਸਨੈਪਡ੍ਰੈਗਨ 636 ਔਕਟਾਕੋਰ ਚਿਪਸੈੱਟ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਨਵਾਂ ਪ੍ਰੋਸੈਸਰ ਬੈਟਰੀ ਸਮਰੱਥਾ ਦੇ ਨਾਲ-ਨਾਲ ਫ਼ੋਨ ਦੇ ਪ੍ਰਦਰਸ਼ਨ ਨੂੰ ਵੀ ਵਧਾਏਗਾ।
ਨੋਟ 5 ਪ੍ਰੋ ਵਿੱਚ 5.9 ਇੰਚ ਦੀ ਫੁੱਲ ਐਚ.ਡੀ. ਡਿਸਪਲੇਅ 18:9 ਆਸਪੈਕਟ ਰੇਸ਼ੋ ਨਾਲ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1080X2160 ਪਿਕਸਲਜ਼ ਦਾ ਹੈ। ਇਸ ਸਮਾਰਟਫ਼ੋਨ ਦੀ ਦੂਜੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਸ ਦਾ ਡੂਅਲ ਕੈਮਰਾ। ਸ਼ਾਓਮੀ ਨੇ 12MP+5MP ਦਾ ਰੀਅਰ ਕੈਮਰਾ ਵਿਸ਼ੇਸ਼ ਪੋਰਟ੍ਰੇਟ ਮੋਡ ਨਾਲ ਦਿੱਤਾ ਗਿਆ ਹੈ। ਸੈਲਫੀ ਲੈਣ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਫਲੈਸ਼ ਨਾਲ ਦਿੱਤਾ ਗਿਆ ਹੈ। ਆਈਫ਼ੋਨ ਵਾਂਗ ਰੈੱਡਮੀ ਨੋਟ 5 ਪ੍ਰੋ ਵੀ ਸੈਲਫੀ ਪੋਰਟਰੇਟ ਦਾ ਵਿਕਲਪ ਦਿੰਦਾ ਹੈ।
ਸ਼ਿਓਮੀ ਨੇ ਨੋਟ 5 ਤੇ ਨੋਟ 5 ਪ੍ਰੋ ਵਿੱਚ ਉਂਗਲਾਂ ਦੇ ਨਿਸ਼ਾਨ ਨਾਲ ਯਾਨੀ ਫਿੰਗਰ ਪ੍ਰਿੰਟ ਅਨਲੌਕ ਵਾਲੀ ਸੁਵਿਧਾ ਫ਼ੋਨ ਦੇ ਪਿਛਲੇ ਪਾਸੇ ਦਿੱਤੀ ਹੈ ਪਰ ਨੋਟ 5 ਪ੍ਰੋ ਵਿੱਚ ਆਈਫ਼ੋਨ X ਵਾਂਗ ਚਿਹਰਾ ਪਛਾਣਨ ਵਾਲੀ ਤਕਨੀਕ ਯਾਨੀ ਫੇਸ ਅਨਲੌਕ ਦਾ ਵਿਕਲਪ ਵੀ ਦਿੱਤਾ ਹੈ।
ਨੋਟ 5 ਪ੍ਰੋ ਵਿੱਚ ਦੋ ਮਾਡਲ ਆਉਂਦੇ ਹਨ। ਇੱਕ ਵਿੱਚ 4 ਜੀ.ਬੀ. ਰੈਮ ਤੇ 64 ਜੀ.ਬੀ. ਦੀ ਸਟੋਰੇਜ ਸਮਰੱਥਾ ਮਿਲਦੀ ਹੈ ਜਦਕਿ ਦੂਜੇ ਮਾਡਲ 6 ਜੀ.ਬੀ. ਰੈਮ ਤੇ 64 ਜੀ.ਬੀ. ਸਟੋਰੇਜ ਮਿਲਦੀ ਹੈ। ਸ਼ਿਓਮੀ ਮੁਤਾਬਕ ਇਹ ਨੋਟ ਪ੍ਰੋ ਲਈ ਰੈਮ ਨਵੀਂ ਤਕਨੀਕ (LPDDR4X) ਨਾਲ ਇਜਾਦ ਕੀਤੀ ਗਈ ਹੈ ਜੋ ਕਿ ਵਧੇਰੇ ਤੇਜ਼ ਹੈ। ਨੋਟ 5 ਪ੍ਰੋ ਵਿੱਚ 4,000 mAh ਸਮਰੱਥਾ ਦੀ ਬੈਟਰੀ ਆਵੇਗੀ।
ਸ਼ਿਓਮੀ ਨੇ ਦੋਵੇਂ ਸਮਾਰਟਫ਼ੋਨਜ਼ ਵਿੱਚ ਦੋ ਸਿੰਮ ਕਾਰਡ ਜਾਂ ਇੱਕ ਸਿੰਮ ਤੇ ਇੱਕ ਮੈਮੋਰੀ ਕਾਰਡ ਪਾਉਣ ਦਾ ਵਿਕਲਪ ਦਿੱਤਾ ਹੈ। ਕੰਪਨੀ ਮੁਤਾਬਕ ਫ਼ੋਨ ਦੀ ਸਟੋਰੇਜ ਸਮਰੱਥਾ ਨੂੰ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਰੈਮ ਤੇ ਰੋਮ ਦੇ ਹਿਸਾਬ ਨਾਲ ਕੰਪਨੀ ਨੇ ਨੋਟ 5 ਪ੍ਰੋ ਦੀ ਕੀਮਤ 13,999 ਤੇ 16,999 ਰੁਪਏ ਰੱਖੀ ਹੈ। ਸ਼ਿਓਮੀ ਦੇ ਬੀਤੇ ਕੱਲ੍ਹ ਲਾਂਚ ਕੀਤੇ ਤਿੰਨੋ ਪ੍ਰੋਡਕਟਸ ਛੇਤੀ ਹੀ ਆਨਲਾਈਨ ਵਿਕਰੀ ਲਈ ਉਪਲਬਧ ਹੋਣਗੇ। ਫਲਿੱਪਕਾਰਟ ਤਿੰਨੋ ਪ੍ਰੋਡਕਟਸ ਦੀ 22 ਫਰਵਰੀ ਨੂੰ ਪਹਿਲੀ ਵਿਕਰੀ ਸ਼ੁਰੂ ਕਰੇਗੀ।